ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 5 ਜੁਲਾਈ
ਪੰਜਾਬੀ ਯੂਨੀਵਰਸਿਟੀ ਵਿੱਚ ਅੱਜ ਡਾ. ਗੁਰਿੰਦਰਪਾਲ ਸਿੰਘ ਜੋਸਨ ਦੀ ਕਿਤਾਬ ‘ਰਬਾਬੀ ਭਾਈ ਮਰਦਾਨਾ ਤੇ ਪੁਰਾਤਨ ਕੀਰਤਨੀਏ’ ਇਕ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਰਿਲੀਜ਼ ਕੀਤੀ ਗਈ। ਜਿਸ ਦੀ ਪ੍ਰਧਾਨਗੀ ਵਾਈਸ ਚਾਂਸਲਰ ਡਾ. ਅਰਵਿੰਦ ਨੇ ਕੀਤੀ। ਇਸ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਬਲਬੀਰ ਸਿੰਘ ਸੰਧੂ ਨੇ ਕਿਹਾ ਕਿ ਇਹ ਕਿਤਾਬ ਗੁਰੂ ਨਾਨਕ ਦੇਵ ਦੇ ਕਾਲ ਤੋਂ ਮੌਜੂਦਾ ਸਮੇਂ ਤੱਕ ਮੁਸਲਮਾਨ-ਸਿੱਖ ਸਬੰਧਾਂ ਦੇ ਉਸਾਰੂ ਤੇ ਸਾਰਥਕ ਪੱਖਾਂ ਨੂੰ ਇਤਿਹਾਸਕ ਦ੍ਰਿਸ਼ਟੀਕੋਣ ਤੋਂ ਉਜਾਗਰ ਕਰਨ ਹਿੱਤ ਸ਼ਲਾਘਾਯੋਗ ਉਪਰਾਲਾ ਹੈ। ਜਿਸ ਨਾਲ ਗੁਰੂ ਨਾਨਕ ਦੇਵ ਦੀ ਬਾਣੀ, ਫਲਸਫ਼ੇ ਤੇ ਵਿਚਾਰਧਾਰਾ ਨੂੰ ਮੌਜੂਦਾ ਸੰਦਰਭ ਵਿੱਚ ਸਮਝਣਾ ਵਧੇਰੇ ਮਹੱਤਵਪੂਰਨ ਅਤੇ ਲਾਭਕਾਰੀ ਹੋਵੇਗਾ। ਪ੍ਰੋ. ਅਰਵਿੰਦ ਨੇ ਕਿਹਾ ਕਿ ਪੁਰਾਤਨ ਕੀਰਤਨ ਪਰੰਪਰਾ ਦੀ ਗੁਰੂ ਸਾਹਿਬਾਨ ਦੇ ਕਾਲ ਤੋਂ ਪੰਜਾਬੀ ਸਮਾਜ, ਸੱਭਿਆਚਾਰ, ਸਾਹਿਤ ਅਤੇ ਸਿੱਖ ਮੁਸਲਿਮ ਇਤਿਹਾਸ ਵਿੱਚ ਇੱਕ ਮਹਾਨ, ਵਡਮੁੱਲੀ ਤੇ ਚਿਰਸਥਾਈ ਪ੍ਰਭਾਵ ਪਾਉਣ ਵਾਲਾ ਯੋਗਦਾਨ ਹੈ। ਇਹ ਸਮਾਗਮ ਇਤਿਹਾਸ ਵਿਭਾਗ ਵੱਲੋਂ ਕਰਵਾਇਆ ਗਿਆ।