ਸਰਬਜੀਤ ਸਿੰਘ ਭੰਗੂ
ਪਟਿਆਲਾ, 12 ਜੁਲਾਈ
ਕਰੋਨਾ ਸਬੰਧੀ ਤਾਜ਼ਾ ਸਥਿਤੀ ਦੀ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਨਵੀਂ ਰਣਨੀਤੀ ਤਿਆਰ ਕੀਤੀ ਹੈ।
ਅਧਿਕਾਰੀਆਂ ਨਾਲ਼ ਮੀਟਿੰਗ ਦੌਰਾਨ ਉਨ੍ਹਾਂ ਮਾਈਕਰੋ ਕੰਟੇਨਮੈਂਟ ਜ਼ੋਨਾਂ ’ਚ ਨਿਰਧਾਰਤ ਸੰਚਾਲਨ ਵਿਧੀ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਸੈਕਟਰ ਮੈਜਿਸਟਰੇਟਾਂ ਤੇ ਪੁਲੀਸ ਦੀ ਤਾਇਨਾਤੀ 24 ਘੰਟੇ ਕਰ ਕੇ ਪ੍ਰੋਟੋਕਾਲ ਦੀ ਉਲੰਘਣਾ ਕਰਨ ’ਤੇ ਕੇਸ ਦਰਜ ਕਰਨ ਸਮੇਤ ਮਾਸਕ ਤੇ ਆਪਸੀ ਦੂਰੀ ਰੱਖਣ ’ਤੇ ਆਧਾਰਤ ਨੇਮਾਂ ਦੀ ਉਲੰਘਣਾ ਕਰਨ ’ਤੇ ਚਲਾਨ ਯਕੀਨੀ ਬਣਾਏ ਜਾਣ ’ਤੇ ਜ਼ੋਰ ਦਿੱਤਾ ਗਿਆ।
ਤਾਜ਼ਾ ਹੁਕਮਾਂ ਮੁਤਾਬਕ ਕਮਿਸ਼ਨਰ, ਨਗਰ ਨਿਗਮ ਕੰਟੇਨਮੈਂਟ ਜ਼ੋਨਾਂ ’ਚ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣਗੇ ਤੇ ਸਬ ਡਿਵੀਜ਼ਨਾਂ ’ਚ ਨਿਗਰਾਨੀ ਰੱਖਣ ਸਮੇਤ ਐਨਆਰਆਈਜ਼ ਤੇ ਵਿਦੇਸ਼ ਤੋਂ ਵਾਪਸ ਪਰਤੇ ਭਾਰਤੀਆਂ ਦੇ ਲਾਜ਼ਮੀ ਇਕਾਂਤਵਾਸ ’ਤੇ ਨਿਗਰਾਨੀ ਕਰਨਗੇ। ਡਿਪਟੀ ਕਮਿਸ਼ਨਰ ਨੇ ਰੈਪਿਡ ਐਂਟੀਜ਼ਨ ਟੈਸਟ ਕਿੱਟਾਂ ਰਾਹੀਂ ਸ਼ੁਰੂ ਕੀਤੇ ਟੈਸਟਾਂ ’ਤੇ ਤਸੱਲੀ ਪ੍ਰਗਟਾਉਂਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਤੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੂੰ ਕਿਹਾ ਕਿ ਟੈਸਟਿੰਗ ਹੋਰ ਬਰੀਕੀ ਨਾਲ ਕਰਕੇ ਘਰ-ਘਰ ਸਰਵੇ ਕਰਵਾਇਆ ਜਾਵੇ। ਗੰਭੀਰ ਮਰੀਜ਼ਾਂ ਦੀ ਪੂਰੀ ਨਿਗਰਾਨੀ ਵੀ ਕੀਤੀ ਜਾਵੇ ਤੇ ਰਿਪੋਰਟ ਉਨ੍ਹਾਂ ਨੂੰ ਦਿੱਤੀ ਜਾਵੇ। ਉਨ੍ਹਾਂ ਆਰਐਮਪੀਜ਼ ’ਤੇ ਵੀ ਨਿਗਾਹ ਰੱਖਣ ਲਈ ਆਖਿਆ।
ਉਨ੍ਹਾਂ ਕਿਹਾ ਕਿ ਏਡੀਸੀ (ਵਿਕਾਸ) ਐੱਸਡੀਐਮਜ਼ ਤੇ ਸਿਵਲ ਸਰਜਨ ਰਾਹੀਂ ਕੋਵਿਡ-19 ਦਾ ਪਤਾ ਲਾਉਣ ਲਈ ਟੈਸਟਿੰਗ, ਆਈਸੋਲੇਸ਼ਨ ਮਾਮਲਿਆਂ, ਘਰਾਂ ’ਚ ਆਈਸੋਲੇਸਟ ਕੀਤੇ ਪਾਜ਼ੇਟਿਵ ਕੇਸਾਂ ਸਣੇ ਆਈਸੋਲੇਸ਼ਨ ਲਈ ਸਹੂਲਤਾਂ ਦੀ ਨਿਗਰਾਨੀ ਕਰਨਗੇ ਜਦੋਂਕਿ ਏਡੀਸੀ ਜਨਰਲ, ਐੱਸਐੱਸਪੀ, ਐੱਸਡੀਐੱਮਜ਼, ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਤੇ ਸਿਵਲ ਸਰਜਨ ਦਫ਼ਤਰ ਨਾਲ ਤਾਲਮੇਲ ਕਰ ਕੇ ਜ਼ਿਲ੍ਹੇ ’ਚ ਸੜਕੀ, ਰੇਲ ਤੇ ਹਵਾਈ ਸਫ਼ਰ ਰਾਹੀਂ ਦਾਖਲ ਹੋਣ ਵਾਲ਼ਿਆਂ ਦੀ ਮੌਨੀਟਰਿੰਗ ਕਰਨਗੇ, ਖਾਸ ਕਰਕੇ ਸ਼ੰਭੂ ਰਾਹੀਂ ਪੰਜਾਬ ਆਉਣ ਵਾਲਿਆਂ ਦੀ ਸਖ਼ਤੀ ਨਾਲ ਮੌਨੀਟਰਿੰਗ ਕੀਤੀ ਜਾਵੇਗੀ।
ਸਹਾਇਕ ਕਮਿਸ਼ਨਰ (ਜ) ਡਾ. ਇਸ਼ਮਤ ਵਿਜੇ ਸਿੰਘ ਤੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਪੂਰੀ ਪ੍ਰਕ੍ਰਿਆ ਤੇ ਕੰਟਰੋਲ ਰੂਮ ’ਤੇ ਆਪਸੀ ਤਾਲਮੇਲ ਨਾਲ ਨਿਗਰਾਨੀ ਰੱਖਣਗੇ। ਪਟਿਆਲਾ-1 ਲਈ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਤੇ ਡੀਐੱਸਪੀ ਸਿਟੀ-1 ਨਗਰ ਨਿਗਮ ਕਮਿਸ਼ਨਰ ਨੂੰ ਰਿਪੋਰਟ ਦੇਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਤਾਜ਼ਾ ਸਥਿਤੀ ਨੂੰ ਹੰਗਾਮੀ ਮੰਨਦਿਆਂ, ਇਸ ’ਤੇ ਕਾਬੂ ਪਾਉਣ ਲਈ ਪੰਜਾਬ ’ਚ ਬਾਹਰੋਂ ਆਉਣ ਵਾਲਿਆਂ ਸਮੇਤ ਪਾਜ਼ੇਟਿਵ ਮਾਮਲਿਆਂ ਦੀ ਨਿਗਰਾਨੀ ਲਈ ਫਲਾਇੰਗ ਸਕੁਐਡ, ਪਟਵਾਰੀਆਂ, ਆਸ਼ਾ ਤੇ ਆਂਗਣਵਾੜੀ ਵਰਕਰਾਂ ਨਾਲ ਤਾਲਮੇਲ ਕੀਤਾ ਜਾਵੇ।