ਗੁਰਨਾਮ ਸਿੰਘ ਚੌਹਾਨ
ਪਾਤੜਾਂ, 10 ਅਕਤੂਬਰ
ਜਲ ਸਪਲਾਈ ਵਿਭਾਗ ਅਧੀਨ ਕੰਮ ਕਰਦੇ ਠੇਕਾ ਕਾਮਿਆਂ ਦੀ ਜਥੇਬੰਦੀ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਬ੍ਰਾਂਚ ਪਾਤੜਾਂ) ਦੇ ਆਗੂਆਂ ਨੇ ਐੱਸਡੀਓ ਵੱਲੋਂ ਵਰਕਰਾਂ ਪ੍ਰਤੀ ਅਪਣਾਏ ਜਾ ਰਹੇ ਵਤੀਰੇ ਦੇ ਵਿਰੋਧ ਵਿੱਚ ਮੋਰਚਾ ਖੋਲ੍ਹ ਦਿੱਤਾ ਹੈ। ਐੱਸਡੀਓ ਨੇ ਜਥੇਬੰਦੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਬੁਲਾ ਕੇ ਗੱਲ ਸੁਣਨ ਦੀ ਬਜਾਏ ਗਲਤ ਢੰਗ ਨਾਲ ਪੇਸ਼ ਆਏ ਹਨ। ਆਗੂਆਂ ਨੇ ਐਕਸੀਅਨ ਨੂੰ ਪੱਤਰ ਭੇਜ ਕੇ ਇਸ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪਾਤੜਾਂ ਬ੍ਰਾਂਚ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਸਬ ਡਵੀਜਨ ਪਾਤੜਾਂ ਦੇ ਐੱਸਡੀਓ ਨੇ ਜਥੇਬੰਦੀ ਦੇ ਆਗੂਆਂ ਨੂੰ ਮੀਟਿੰਗ ਕਰਨ ਲਈ ਦੁਪਹਿਰੇ 12 ਵਜੇ ਸੱਦਿਆ ਸੀ ਪਰ ਮੀਟਿੰਗ ਇਕ ਘੰਟਾ ਦੇਰੀ ਨਾਲ ਸ਼ੁਰੂ ਕੀਤੀ। ਇਸ ਦੌਰਾਨ ਐੱਸਡੀਓ ਜਥੇਬੰਦੀ ਦੇ ਆਗੂਆਂ ਨੂੰ ਕਹਿਣ ਲੱਗੇ ਕਿ ਜੋ ਕਰਨਾ ਹੈ, ਕਰ ਲਵੋ। ਜਿਸ ਮਗਰੋਂ ਐੱਸਡੀਓ ਦੇ ਵਤੀਰੇ ਖ਼ਿਲਾਫ਼ ਠੇਕਾ ਕਾਮਿਆਂ ਨੇ ਨਾਅਰੇਬਾਜ਼ੀ ਕੀਤੀ। ਜਿਸ ਤੋਂ ਖਿੱਝ ਕੇ ਦਫ਼ਤਰ ਵਿੱਚ ਹਾਜ਼ਰ ਐੱਸਡੀਓ ਨੇ ਕੰਟਰੈਕਟ ਵਰਕਰਜ਼ ਯੂਨੀਅਨ ਮੁਰਦਾਬਾਦ ਦੇ ਨਾਅਰੇ ਲਗਾਏ, ਜੋ ਗੈਰ-ਸੰਵਿਧਾਨਕ ਤੇ ਗੈਰ-ਜ਼ਿੰਮੇਵਾਰ ਹਨ। ਉਨ੍ਹਾਂ ਇਹ ਕਾਰਵਾਈ ਜਥੇਬੰਦੀ ਨੂੰ ਨੀਵਾਂ ਦਿਖਾਉਣ ਤੇ ਵਰਕਰਾਂ ਨੂੰ ਭੜਕਾਉਣ ਦੀ ਕੋਸ਼ਿਸ਼ ਤਹਿਤ ਕੀਤੀ ਹੈ। ਉਨ੍ਹਾਂ ਪਟਿਆਲਾ ਮੰਡਲ-2 ਡਵੀਜਨ ਦੇ ਐਕਸੀਅਨ ਨੂੰ ਨੋਟਿਸ ਭੇਜ ਕੇ ਮੰਗ ਕੀਤੀ ਗਈ ਹੈ ਕਿ ਇਸ ਅਧਿਕਾਰੀ ਵਿਰੁੱਧ 15 ਅਕਤੂਬਰ ਤੋਂ ਪਹਿਲਾਂ ਠੋਸ ਕਾਰਵਾਈ ਕੀਤੀ ਜਾਵੇ। ਕਾਰਵਾਈ ਨਾ ਹੋਣ ਦੀ ਸੂਰਤ ’ਚ ਉਹ ਪਰਿਵਾਰਾਂ, ਬੱਚਿਆਂ ਨਾਲ ਸੰਘਰਸ਼ ਕਰਨਗੇ।
ਐੱਸਡੀਓ ਵੱਲੋਂ ਦੋਸ਼ਾਂ ਦਾ ਖੰਡਨ
ਐੱਸਡੀਓ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸਬ ਡਿਵੀਜ਼ਨ ਪਾਤੜਾਂ ਮਨਵਿੰਦਰ ਸਿੰਘ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਿਸੇ ਠੇਕਾ ਮੁਲਾਜ਼ਮ ਨਾਲ ਗਲਤ ਵਤੀਰਾ ਨਹੀਂ ਕੀਤਾ ਸਗੋਂ ਟੈਂਡਰ ਨੋਟਿਸ ਮੁਤਾਬਕ ਕੰਮ ਕਰਨ ਵਾਲੇ ਮੁਲਾਜ਼ਮਾਂ ਤੋਂ ਕੰਮ ਦੀ ਜਾਣਕਾਰੀ ਮੰਗੀ ਸੀ। ਕੁਝ ਨੇ ਜਾਣਕਾਰੀ ਦਿੱਤੀ ਵੀ ਹੈ ਪਰ ਕੁਝ ਵਿਅਕਤੀ ਜਾਣਬੁੱਝ ਕੇ ਕੀਤੇ ਹੋਏ ਕੰਮ ਦੀ ਜਾਣਕਾਰੀ ਨਹੀਂ ਦੇ ਰਹੇ ਜਿਸ ਨੂੰ ਲੈ ਕੇ ਮਾਮੂਲੀ ਤਕਰਾਰ ਹੋਇਆ ਸੀ।