ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 19 ਜੂਨ
ਇਥੋਂ ਦੇ ਰਾਜਪੁਰਾ-ਪਟਿਆਲਾ ਰੇਲ ਮਾਰਗ ’ਤੇ ਕਰੀਬ ਸਵਾ ਦੋ ਸਾਲਾਂ ਤੋਂ ਉਸਾਰੀ ਅਧੀਨ ਰੇਲਵੇ ਓਵਰਬ੍ਰਿਜ ਨੇੜ ਭਵਿੱਖ ਵਿੱਚ ਮੁਕੰਮਲ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਓਵਰਬਿ੍ਜ ਦੇ ਮੁਕੰਮਲ ਹੋਣ ਦਾ ਰਾਹ ਪਹਿਲਾਂ ਧਾਰਮਿਕ ਸਥਾਨ ਨੇ ਅਤੇ ਹੁਣ ਇਸ ਦੇ ਆਪਣੇ ਹੀ ਡਿਜ਼ਾਈਨ ਨੇ ਰੋਕ ਲਿਆ ਹੈ। ਇਸ ਲਈ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ।
ਜਾਣਕਾਰੀ ਅਨੁਸਾਰ ਓਵਰਬਿ੍ਜ ਦਾ ਜਿਥੇ ਇੱਕ ਪਿੱਲਰ ਬਣਨਾ ਸੀ। ਉਸ ਥਾਂ ’ਤੇ ਇੱਕ ਧਾਰਮਿਕ ਅਸਥਾਨ ਆਉਣ ਕਾਰਨ ਤੇ ਹੁਣ ਡਿਜ਼ਾਈਨ ਵਿੱਚ ਪਏ ਤਕਨੀਕੀ ਅੜਿੱਕੇ ਕਾਰਨ ਉਸਾਰੀ ਅੱਧਵਾਟੇ ਲਟਕ ਗਈ ਹੈ ਜਿਸ ਦਾ ਖ਼ਮਿਆਜ਼ਾ ਇਲਾਕੇ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸ਼ਹਿਰ ਦੇ ਸੈਂਕੜੇ ਕਾਰੋਬਾਰੀ ਮੰਦਵਾੜੇ ਦੀ ਲਪੇਟ ਵਿੱਚ ਆ ਗਏ ਹਨ। ਰੇਲ ਵਿਭਾਗ ਵੱਲੋਂ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਦੀ ਭਾਈਵਾਲੀ ਨਾਲ 34.28 ਕਰੋੜ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਇਸ ਓਵਰਬ੍ਰਿਜ ਦੀ ਆਪਣੇ ਹਿੱਸੇ ਵਾਲੀ ਉਸਾਰੀ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵੱਲੋਂ ਪਹਿਲਾਂ ਹੀ ਮੁਕੰਮਲ ਕਰ ਲਈ ਗਈ ਹੈ। ਜਦੋਂ ਕਿ ਰੇਲਵੇ ਵਿਭਾਗ ਦੇ ਉਸਾਰੀ ਵਿੰਗ ਵੱਲੋਂ ਆਪਣੇ ਹਿੱਸੇ ਦੀ ਕਰੀਬ 80 ਮੀਟਰ ਉਸਾਰੀ ਦਾ 10 ਮਾਰਚ 2022 ਨੂੰ ਟੈਂਡਰ ਹੋਣ ਦੇ ਬਾਵਜੂਦ ਅਜੇ ਤੱਕ ਬ੍ਰਿਜ ਦੀ ਉਸਾਰੀ ਆਰੰਭ ਨਹੀਂ ਕਰਵਾਈ ਗਈ। ਓਵਰਬ੍ਰਿਜ ਉਸਾਰੀ ਅਧੀਨ ਹੋਣ ਕਾਰਨ ਇਸ ਖੇਤਰ ਦੇ ਸੈਂਕੜੇ ਲੋਕਾਂ ਦਾ ਪੁਰਾਣੇ ਬੱਸ ਅੱਡਾ ਨੇੜਲੇ ਬਾਜ਼ਾਰਾਂ ਵਿੱਚ ਆਉਣਾ-ਜਾਣਾ ਲਗਪਗ ਬੰਦ ਹੋ ਗਿਆ। ਮਹਿੰਦਰਗੰਜ ਬਾਜ਼ਾਰ ਸਮੇਤ ਹੋਰਨਾਂ ਕਾਰੋਬਾਰੀਆਂ ਨੇ ਦੱਸਿਆ ਕਿ ਓਵਰਬ੍ਰਿਜ ਦੀ ਉਸਾਰੀ ਲਟਕਣ ਕਾਰਨ ਉਨ੍ਹਾਂ ਦਾ ਕਾਰੋਬਾਰ ਤਬਾਹ ਹੋ ਗਿਆ ਹੈ।
ਇਸ ਸਬੰਧੀ ਉਸਾਰੀ ਵਿੰਗ ਰੇਲਵੇ ਵਿਭਾਗ ਦੇ ਐਕਸੀਅਨ ਬਜਰੰਗ ਗੋਇਲ ਦਾ ਕਹਿਣਾ ਹੈ ਕਿ ਓਵਰਬ੍ਰਿਜ ਦੀ ਹਦੂਦ ਵਿੱਚ ਇੱਕ ਧਾਰਮਿਕ ਅਸਥਾਨ ਆਉਣ ਕਾਰਨ ਪਿਆ ਅੜਿੱਕਾ ਦੂਰ ਕਰ ਲਿਆ ਗਿਆ ਹੈ। ਪ੍ਰੰਤੂ ਹੁਣ ਰੇਲ ਵਿਕਾਸ ਨਿਗਮ ਵੱਲੋਂ ਰਾਜਪੁਰਾ ਤੋਂ ਬਠਿੰਡਾ ਲਈ ਨਵੀਂ ਰੇਲ ਲਾਈਨ ਵਿਛਾਉਣ ਕਾਰਨ ਓਵਰਬ੍ਰਿਜ ਦੇ ਪੁਰਾਣੇ ਡਿਜ਼ਾਈਨ ਵਿੱਚ ਕੁਝ ਤਕਨੀਕੀ ਅੜਿੱਕਾ ਆ ਗਿਆ ਹੈ ਜਿਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਿਜ਼ਾਈਨ ਵਿੱਚ ਆਇਆ ਤਕਨੀਕੀ ਅੜਿੱਕਾ ਦੂਰ ਹੋਣ ਮਗਰੋਂ ਹੀ ਓਵਰਬ੍ਰਿਜ ਦੀ ਉਸਾਰੀ ਹੋ ਸਕੇਗੀ।