ਬਹਾਦਰ ਸਿੰਘ ਮਰਦਾਂਪੁਰ
ਘਨੌਰ, 22 ਅਕਤੂਬਰ
ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿੱਚ ਸਟਾਫ ਦੀ ਘਾਟ ਅਤੇ ਉਸਾਰੀ ਲੰਮਕਣ ਕਾਰਨ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਾਪਤ ਕਰਨ ਲਈ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਹਲਕਾ ਘਨੌਰ ਦੇ ਦਰਜਨਾਂ ਪਿੰਡਾਂ ਅਤੇ ਹਰਿਆਣਾ ਦੇ ਘਨੌਰ ਨੇੜਲੇ ਜ਼ਿਲ੍ਹਾ ਅੰਬਾਲਾ ਦੇ ਕਰੀਬ ਦਰਜਨ ਤੋਂ ਵੱਧ ਪਿੰਡਾਂ ਦੀ ਅਬਾਦੀ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਇਸ ਕਮਿਊਨਿਟੀ ਹੈਲਥ ਸੈਂਟਰ ਦੇ ਨਵੀਨੀਕਰਨ ਲਈ 28 ਫਰਵਰੀ 2021 ਨੂੰ ਤਤਕਾਲੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨੀਂਹ ਪੱਥਰ ਰੱਖਿਆ ਸੀ। ਨਵੀਨੀਕਰਨ ਇਸ ਸਾਲ 31 ਮਾਰਚ ਤੱਕ ਮੁਕੰਮਲ ਕੀਤਾ ਜਾਣਾ ਸੀ, ਪਰ ਉਸਾਰੀ ਕਾਰਜ ਅਜੇ ਕੁਝ ਹੋਰ ਮਹੀਨੇ ਲੰਮਕਣ ਦੀ ਸੰਭਾਵਨਾ ਹੈ। ਰੋਜ਼ਾਨਾ ਕਰੀਬ 175 ਮਰੀਜ਼ਾਂ ਦੀ ਓ.ਪੀ.ਡੀ ਵਾਲੇ ਇਸ ਹਸਪਤਾਲ ਨੂੰ ਸਟਾਫ ਦੀ ਘਾਟ ਨਾਲ ਜੂਝਣਾ ਪੈ ਰਿਹਾ ਹੈ। ਇਥੇ ਫਾਰਮਾਸਿਸਟ ਦੀਆਂ ਤਿੰਨ ਅਸਾਮੀਆਂ ਹਨ ਤੇ ਤਿੰਨੇ ਖਾਲੀ ਹਨ। ਡੇਢ ਸਾਲ ਤੋਂ ਹਸਪਤਾਲ ਦਾ ਅਪਰੇਸ਼ਨ ਥੀਏਟਰ ਬੰਦ ਹੈ। ਮਰੀਜ਼ਾਂ ਨੂੰ ਇਥੋਂ 25 ਕਿਲੋਮੀਟਰ ਦੂਰ ਪੈਂਦੇ ਪਟਿਆਲਾ, ਅੰਬਾਲਾ ਜਾਂ ਰਾਜਪੁਰਾ ਦੇ ਹਸਪਤਾਲਾਂ ਵਿੱਚ ਜਾਣਾ ਪੈਂਦਾ ਹੈ। ਇਸ ਹਸਪਤਾਲ ਵਿੱਚ ਐਮਰਜੈਂਸੀ ਲਈ ਤਾਇਨਾਤ ਮੈਡੀਕਲ ਅਫਸਰ ਦੋ ਮਹੀਨੇ ਦੀ ਛੁੱਟੀ ’ਤੇ ਹੈ। ਇਸ ਤੋਂ ਇਲਾਵਾ ਡਾਕਟਰ ਦੀ ਇੱਕ ਹੋਰ ਅਸਾਮੀ ਵੀ ਖਾਲੀ ਹੈ। ਸਟਾਫ ਨਰਸਾਂ ਦੀ 9 ਵਿੱਚੋਂ 4 ਖਾਲੀ ਹਨ ਜਦੋਂ ਕਿ ਇੱਕ ਲੰਮੀ ਛੁੱਟੀ ’ਤੇ ਹੈ। ਨਵੀਂ ਅਲਟਰਾਸਾਊਂਡ ਮਸ਼ੀਨ ਨੂੰ ਚਾਰ ਸਾਲ ਤੋਂ ਡਾਕਟਰ ਦੀ ਉਡੀਕ ਹੈ। ਐਕਸਰੇ ਮਸ਼ੀਨ ਹੋਣ ਦੇ ਬਾਵਜੂਦ ਰੇਡੀਓਲੋਜਿਸਟ ਛੇ ਮਹੀਨੇ ਦੀ ਲੰਮੀ ਛੁੱਟੀ ’ਤੇ ਕਾਰਨ ਐਕਸਰੇ ਨਹੀਂ ਹੋ ਰਹੇ। ਇਥੇ ਕੋਈ ਕੰਪਿਊਟਰ ਅਪਰੇਟਰ ਨਹੀਂ। ਸਫਾਈ ਸੇਵਕਾਂ ਦੀਆਂ ਪੰਜ ਅਸਾਮੀਆਂ ਵਿੱਚੋਂ ਸਾਰੀ ਹੀ ਖਾਲੀ ਪਈਆਂ ਹਨ। ਇਲਾਕਾ ਵਾਸੀਆਂ ਨੇ ਹਸਪਤਾਲ ਦੀ ਉਸਾਰੀ ਤੁਰੰਤ ਮੁਕੰਮਲ ਕਰਵਾ ਕੇ ਸਟਾਫ ਦੀ ਘਾਟ ਪੂਰੀ ਕਰਨ ਦੀ ਮੰਗ ਕੀਤੀ ਹੈ।
ਜਲਦੀ ਮੁਕੰਮਲ ਹੋਵੇਗੀ ਉਸਾਰੀ
ਸੰਪਰਕ ਕਰਨ ’ਤੇ ਸਿਵਲ ਸਰਜਨ ਡਾ. ਧੀਰ ਰਾਜੂ ਨੇ ਕਿਹਾ ਕਿ ਘਨੌਰ ਹਸਪਤਾਲ ਦੀ ਉਸਾਰੀ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਵੇਗੀ ਅਤੇ ਜਲਦੀ ਹੀ ਸਟਾਫ ਦੀ ਘਾਟ ਦੂਰ ਕਰ ਦਿੱਤੀ ਜਾਵੇਗੀ। ਇਸ ਬਾਰੇ ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਗਿਆ ਹੈ।