ਗੁਰਦੀਪ ਸਿੰਘ ਲਾਲੀ
ਸੰਗਰੂਰ, 29 ਅਕਤੂਬਰ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ ’ਤੇ ਕਲਮਛੋੜ ਹੜਤਾਲ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੇ ਅੱਜ ਇੱਥੇ ਡੀਸੀ ਕੰਪਲੈਕਸ ਪੁੱਜੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਵਿਰੋਧ ਕੀਤਾ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਹੜਤਾਲੀ ਮੁਲਾਜ਼ਮਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਵੀ ਕੀਤਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਨਾ ਮੰਨੀਆਂ ਗਈਆਂ ਤਾਂ ਪੰਜਾਬ ਭਰ ਦੇ ਦਫ਼ਤਰੀ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਜਾਣਗੇ।
ਕਲਮਛੋੜ ਹੜਤਾਲ ਕਾਰਨ ਪਿਛਲੇ 22 ਦਿਨਾਂ ਤੋਂ ਵੱਖ-ਵੱਖ ਵਿਭਾਗਾਂ ’ਚ ਦਫ਼ਤਰੀ ਕੰਮਕਾਜ ਠੱਪ ਹੈ। ਅੱਜ ਹੜਤਾਲੀ ਮੁਲਾਜ਼ਮ ਡੀਸੀ ਦਫ਼ਤਰ ਅੱਗੇ ਇਕੱਠੇ ਹੋਏ ਅਤੇ ਰੋਸ ਧਰਨਾ ਦਿੱਤਾ। ਜਿਉਂ ਹੀ ਕੈਬਨਿਟ ਮੰਤਰੀ ਆਸ਼ੂ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਕਰਨ ਪੁੱਜੇ ਤਾਂ ਧਰਨੇ ’ਤੇ ਬੈਠੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਤੱਕ ਮੀਟਿੰਗ ਚੱਲਦੀ ਰਹੀ, ਮੁਲਾਜ਼ਮ ਪ੍ਰਦਰਸ਼ਨ ਕਰਦੇ ਰਹੇ। ਮੀਟਿੰਗ ਮਗਰੋਂ ਜਦੋਂ ਮੰਤਰੀ ਜਾਣ ਲੱਗੇ ਤਾਂ ਮੁਲਾਜ਼ਮਾਂ ਨੇ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੱਤਾ।
ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੁੱਲਰ, ਜ਼ਿਲ੍ਹਾ ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਪ੍ਰੈੱਸ ਸਕੱਤਰ ਅਨੁਜ ਸ਼ਰਮਾ, ਨਵੀਨ ਪ੍ਰਾਸ਼ਰ ਅਤੇ ਬਲਵਿੰਦਰ ਸੋਹੀ ਨੇ ਸੂਬਾ ਸਰਕਾਰ ’ਤੇ ਦੋਸ਼ ਲਾਉਂਦਿਆ ਕਿਹਾ ਕਿ ਮੁਲਾਜ਼ਮ ਹੜਤਾਲਾਂ ਕਰ ਕੇ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ ਪਰ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਇਸ ਮੌਕੇ ਪੈਨਸ਼ਨਰ ਆਗੂ ਸੁਰਿੰਦਰ ਕੁਮਾਰ ਬਾਲੀਆਂ, ਦਰਸ਼ਨ ਸਿੰਘ, ਬਿੱਕਰ ਸਿੰਘ, ਅਰਜਨ ਸਿੰਘ, ਹਰਵਿੰਦਰ ਸਿੰਘ , ਹਰਜੀਤ ਸਿੰਘ, ਸਿਮਰਨਦੀਪ ਕੌਰ, ਮਨਪ੍ਰੀਤ ਕੌਰ, ਤਰਸੇਮ ਖੰਨਾ, ਜੀਤ ਸਿੰਘ ਢੀਂਡਸਾ ਤੇ ਹੋਰ ਮੌਜੂਦ ਸਨ।
—ਡੱਬੀ—
ਆਸ਼ੂ ਵੱਲੋਂ ਮੁੱਖ ਮੰਤਰੀ ਨਾਲ ਮੰਗਾਂ ਵਿਚਾਰਨ ਦਾ ਭਰੋਸਾ
ਜ਼ਿਲ੍ਹਾ ਪ੍ਰਸ਼ਾਸਨ ਨੇ ਜਥੇਬੰਦੀ ਦੇ ਨੁਮਾਇੰਦਿਆਂ ਦੀ ਕੈਬਨਿਟ ਮੰਤਰੀ ਨਾਲ ਮੌਕੇ ’ਤੇ ਮੀਟਿੰਗ ਕਰਵਾਈ, ਜਿਸ ਦੌਰਾਨ ਭਾਰਤ ਭੂਸ਼ਨ ਆਸ਼ੂ ਨੇ ਮੁੱਖ ਮੰਤਰੀ ਨਾਲ ਮੰਗਾਂ ਵਿਚਾਰਨ ਦਾ ਭਰੋਸਾ ਦਿੱਤਾ। ਸੂਬਾ ਕਮੇਟੀ ਵੱਲੋਂ 31 ਅਕਤੂਬਰ ਨੂੰ ਮੀਟਿੰਗ ਕਰ ਕੇ ਅਗਲਾ ਫੈਸਲਾ ਲਿਆ ਜਾਵੇਗਾ।
ਫੋਟੋ- ਸੰਗਰੂਰ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਹੜਤਾਲੀ ਦਫ਼ਤਰੀ ਮੁਲਾਜ਼ਮ।