ਗੁਰਨਾਮ ਸਿੰਘ ਚੌਹਾਨ
ਪਾਤੜਾਂ, 13 ਮਾਰਚ
ਹਲਕਾ ਸ਼ੁਤਰਾਣਾ ਦੇ ਨਵੇਂ ਚੁਣੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਅਨਾਜ ਮੰਡੀ ਪਾਤੜਾਂ ਦੀਆਂ ਦੁਕਾਨਾਂ ਉੱਤੇ ਜਾ ਕੇ ਵੋਟਰਾਂ ਦਾ ਧੰਨਵਾਦ ਕੀਤਾ ਤੇ ਆੜ੍ਹਤੀਆਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸੇ ਦੌਰਾਨ ਦੁਕਾਨਦਾਰਾਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਤੇ ਮੂੰਹ ਮਿੱਠਾ ਕਰਵਾਇਆ।
ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਦੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਇਨ੍ਹਾਂ ਲੀਡਰਾਂ ਨੇ ਨਾ ਸਿਰਫ਼ ਸਰਕਾਰੀ ਸੰਪਤੀ ਦੀ ਲੁੱਟ ਕੀਤੀ ਸਗੋਂ ਸਾਰਾ ਧਿਆਨ ਆਪਣੇ ਘਰ ਭਰਨ ਵੱਲ ਲਗਾਈ ਰੱਖਿਆ ਹੈ। ਸ਼ਹਿਰ ਵਿੱਚੋਂ ਮਿਲੇ ਭਰਵੇਂ ਸਮਰਥਨ ਲਈ ਵੋਟਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇਕ ਆਮ ਪਰਿਵਾਰ ਨਾਲ ਸਬੰਧਤ ਹਨ ਅਤੇ ਇਹ ਹਲਕਾ ਉਨ੍ਹਾਂ ਦਾ ਆਪਣਾ ਹੈ। ਹਰ ਸ਼ਹਿਰ ਵਾਸੀ ਆਪਣੇ ਆਪ ਨੂੰ ਵਿਧਾਇਕ ਸਮਝੇ ਅਤੇ ਕਿਸੇ ਵੀ ਸਮੇਂ ਬਿਨਾਂ ਝਿਜਕ ਦੇ ਆਪਣੀ ਸਮੱਸਿਆ ਲੈ ਕੇ ਉਨ੍ਹਾਂ ਨੂੰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮਨੋਰਥ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਹੈ ਅਤੇ ਸਿਹਤ ਤੇ ਸਿੱਖਿਆ ਸਰਕਾਰ ਦਾ ਮੁੱਖ ਕਾਰਜ ਹੋਵੇਗਾ। ਇਸ ਮੌਕੇ ਕੌਂਸਲਰ ਸੋਨੀ ਜਲੂਰ, ਕੌਂਸਲਰ ਰਾਣਾ ਪ੍ਰਤਾਪ ਸਿੰਘ ਹਰਿਆਊ, ਚੇਅਰਮੈਨ ਤਜਿੰਦਰ ਸਿੰਘ ਤੇਜੀ ਬੂਰੜ, ਸੁਖਬੀਰ ਸਿੰਘ ਖਾਲਸਾ, ਮਗਨ ਬਾਂਸਲ, ਮਹਿੰਗਾ ਸਿੰਘ ਬਰਾੜ, ਮਨਵੀਰ ਸਿੰਘ ਸੰਧੂ ਅਤੇ ਸੁਖਦੀਪ ਸਿੰਘ ਮਾਨ ਆਦਿ ਹਾਜ਼ਰ ਸਨ।
ਪਠਾਣਮਾਜਰਾ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ
ਦੇਵੀਗੜ੍ਹ: ਦੇਵੀਗੜ੍ਹ ਦੇ ਆੜ੍ਹਤੀਆਂ ਨੇ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ ਹਰਮੀਤ ਸਿੰਘ ਪਠਾਣਮਾਜਰਾ ਦੀ ਜਿੱਤ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਆੜ੍ਹਤੀ ਰਾਜਵਿੰਦਰ ਸਿੰਘ ਹੜਾਣਾ ਅਤੇ ਭੁਪਿੰਦਰ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਜਦੋਂ ਹਲਕਾ ਸਨੌਰ ਵਿੱਚੋਂ ਅਤੇ ਦੇਵੀਗੜ੍ਹ ਇਲਾਕੇ ਵਿਚੋਂ ਹਲਕੇ ਦੇ ਲੋਕਾਂ ਨੂੰ ਵਿਧਾਇਕ ਮਿਲਿਆ ਹੈ ਅਤੇ ਹੁਣ ਲੋਕਾਂ ਨੂੰ ਹਲਕੇ ਦਾ ਵਿਕਾਸ ਹੋਣ ਦੀ ਉਮੀਦ ਹੈ। ਆਗੂਆਂ ਨੇ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਨਾਲ ਪੰਜਾਬ ਵਿੱਚ ਨਵੇਂ ਯੁੱਗ ਦੀ ਸ਼ੁਰੂਆਤੀ ਹੈ। ਕਰਮਜੀਤ ਸਿੰਘ, ਸ਼੍ਰੀ ਰਾਮ ਗੁਪਤਾ, ਕੁਲਵਿੰਦਰ ਸਿੰਘ, ਰਾਬੀਰ, ਵਿੱਕੀ, ਮੁਕੇਸ਼ ਕੁਮਾਰ, ਯੋਗਰਾਜ, ਛਬੀਲ ਦਾਸ ਬਿੱਲਾ, ਵੇਦ ਰਾਜ ਆਦਿ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ। -ਪੱਤਰ ਪ੍ਰੇਰਕ