ਖੇਤਰੀ ਪ੍ਰਤੀਨਿਧ
ਪਟਿਆਲਾ, 27 ਮਈ
ਫੌਜ ਵਿੱਚੋਂ ਸੇਵਾ ਮੁਕਤ ਹੋਣ ਮਗਰੋਂ ਪੰਜਾਬ ਐਂਡ ਸਿੰਧ ਬੈਂਕ ਦੀਆਂ ਸ਼ਾਖਾਵਾਂ ਵਿੱਚ ਗਾਰਡ ਵਜੋਂ ਤਾਇਨਾਤ ਸਾਬਕਾ ਸੈਨਿਕਾਂ ਨੇ ਆਪਣੀ ਨੌਕਰੀ ਖੁੱਸ ਜਾਣ ਦੇ ਡਰੋਂ 26 ਮਈ ਨੂੰ ਬੈਂਕ ਦੇ ਪਟਿਆਲਾ ਸਥਿਤ ਜ਼ੋਨਲ ਪੱਧਰ ਦੇ ਦਫਤਰ ਦੇ ਬਾਹਰ ਸ਼ੁਰੂ ਕੀਤਾ ਗਿਆ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਧਰਨੇ ’ਚ ਪਟਿਆਲਾ ਤੋਂ ਇਲਾਵਾ ਸੰਗਰੂਰ ਅਤੇ ਬਰਨਾਲ਼ਾ ਨਾਲ ਸਬੰਧਤ ਗਾਰਡ ਵੀ ਸ਼ਾਮਲ ਹੋਏ। ਇੱਥੇ ਰਾਜਬਾਹਾ ਰੋਡ ’ਤੇ ਸਥਿਤ ਇਸ ਦਫਤਰ ਦੇ ਨੇੜੇ ਸਥਿਤ ਰਿਹਾਇਸ਼ੀ ਖੇਤਰ ਨੂੰ ਜਾਂਦੇ ਰਸਤੇ ਦੀ ਆਵਾਜਾਈ ਵੀ ਦੋ ਦਿਨਾਂ ਤੋਂ ਠੱਪ ਹੈ। ਇੱਥੇ ਹੀ ਪੱਕਾ ਮੋਰਚਾ ਲਾਉਣ ਦੀ ਮਨਸ਼ਾ ਨਾਲ ਅੱਜ ਪੰਜ ਗਾਰਡਾਂ ਨੇ ਭੁੱਖ ਹੜਤਾਲ਼ ਵੀ ਆਰੰਭ ਦਿੱਤੀ ਸੀ ਪਰ ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਪੁੱਜੇ ਤਹਿਸੀਲਦਾਰ ਰਾਮ ਕਿਸ਼ਨ ਨੇ 30 ਮਈ ਨੂੰ ਉਨ੍ਹਾਂ ਦੀ ਬੈਂਕ ਮੈਨੇਜਮੈਂਟ ਅਤੇ ਐੱਸਡੀਐੱਮ ਦੇ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ। ਇਸ ਤਹਿਤ ਇਹ ਧਰਨਾ 30 ਮਈ ਤੱਕ ਮੁਲਤਵੀ ਕਰ ਦਿੱਤਾ ਗਿਆ ਪਰ ਮੰਗਾਂ ਦੀ ਪੂਰਤੀ ਨਾ ਹੋਣ ’ਤੇ ਮੁੜ ਧਰਨਾ ਸ਼ੁਰੂ ਕਰਨ ਦੀ ਚਿਤਾਵਨੀ ਵੀ ਦਿੱਤੀ।
ਆਪਣੀਆਂ ਮੰਗਾਂ ਦੀ ਪੂਰਤੀ ਲਈ ਇਨ੍ਹਾਂ ਬੈਂਕ ਗਾਰਡਾਂ ਨੇ ‘ਪੰਜਾਬ ਸਬਕਾ ਸੈਨਿਕ ਗੰਨਮੈਨ ਯੂਨੀਅਨ’ ਵੀ ਬਣਾਈ ਹੋਈ ਹੈ। ਯੂਨੀਅਨ ਦੇ ਜਨਰਲ ਸਕੱਤਰ ਪਰਗਟ ਸਿੰਘ ਨੇ ਦੱਸਿਆ ਕਿ ਬੈਂਕ ਮੈਨੇਜਮੈਂਟ ਵੱਲੋਂ ਠੇਕਾ ਕਿਸੇ ਹੋਰ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਜਿਸ ਕਰਕੇ ਪਹਿਲਾਂ ਤੋਂ ਕਾਰਜਸ਼ੀਲ ਗਾਰਡਾਂ ਨੂੰ 31 ਮਈ ਨੂੰ ਹੀ ਵਿਹਲੇ ਕਰਨ ਦਾ ਖਦਸ਼ਾ ਬਣਿਆ ਹੋਇਆ ਹੈ। ਇਸੇ ਦੌਰਾਨ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਸਦੇਵ ਸਿੰਘ ਨੂਗੀ ਨੇ ਹਮਾਇਤੀਆਂ ਵਜੋਂ ਇਸ ਧਰਨੇ ’ਚ ਸ਼ਿਰਕਤ ਕੀਤੀ।