ਨਿੱਜੀ ਪੱਤਰ ਪ੍ਰੇਰਕ
ਨਾਭਾ, 5 ਮਈ
ਇੱਥੋਂ ਦੇ ਦੁਲੱਦੀ ਗੇਟ ਨੇੜੇ ਮਨੀ ਐਕਸਚੇਂਜ ਦੀ ਦੁਕਾਨ ’ਚ ਦੋ ਨੌਜਵਾਨਾਂ ਨੇ ਖਿਡੌਣਾ ਪਿਸਤੌਲ ਦਿਖਾ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਮੌਕੇ ’ਤੇ ਮੌਜੂਦ ਦੁਕਾਨ ਮਾਲਕ ਮਹਿਲਾ ਨੇ ਮੁਸਤੈਦੀ ਦਿਖਾਉਂਦਿਆਂ ਬਾਜ਼ਾਰ ਵਾਲਿਆਂ ਦੀ ਮਦਦ ਨਾਲ ਦੋਵਾਂ ਨੂੰ ਕਾਬੂ ਕਰ ਲਿਆ। ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।
ਨਾਭਾ ਕੋਤਵਾਲੀ ਦੇ ਐੱਸਐੱਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗੁਰਸੇਵਕ ਸਿੰਘ (22) ਅਤੇ ਵੀਰਪਾਲ ਸਿੰਘ (23) ਵਜੋਂ ਹੋਈ ਹੈ ਅਤੇ ਇਹ ਦੋਵੇਂ ਨਜ਼ਦੀਕੀ ਕੌਲ ਪਿੰਡ ਦੇ ਰਹਿਣ ਵਾਲੇ ਹਨ। ਉਨ੍ਹਾਂ ਕਿਹਾ ਕਿ ਅਜੇ ਤਫਤੀਸ਼ ਜਾਰੀ ਹੈ ਤੇ ਦੁਕਾਨ ’ਚ ਲੱਗੇ ਸੀਸੀਟੀਵੀ ਦੀ ਰਿਕਾਰਡਿੰਗ ਅਨੁਸਾਰ ਇਹ ਦੋਵੇਂ ਨੌਜਵਾਨ ਲੁੱਟ ਦੇ ਇਰਾਦੇ ਨਾਲ ਦੁਕਾਨ ’ਚ ਦਾਖਲ ਹੋਏ।
ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।