ਖੇਤਰੀ ਪ੍ਰਤੀਨਿਧ
ਪਟਿਆਲਾ, 25 ਸਤੰਬਰ
ਸੋਮਵਾਰ ਤੋਂ ਸ਼ੁਰੂ ਹੋ ਰਹੇ ਨਰਾਤਿਆਂ ਮੌਕੇ ਸ਼ਹਿਰ ਵਿੱਚ ਨਿਰਵਿਘਨ ਆਵਾਜਾਈ ਬਣਾਈ ਰੱਖਣ ਲਈ ਪਟਿਆਲਾ ਪੁਲੀਸ ਵੱਲੋਂ ਇੱਥੇ ਮਾਲ ਰੋਡ ’ਤੇ ਸਥਿਤ ‘ਸ੍ਰੀ ਕਾਲੀ ਮਾਤਾ ਮੰਦਰ’ ਨੇੜਲੀਆਂ ਸੜਕਾਂ ’ਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਨਵਾਂ ਟਰੈਫ਼ਿਕ ਪਲਾਨ ਬਣਾਇਆ ਗਿਆ ਹੈ। ਇਹ ਜਾਣਕਾਰੀ ਐੱਸਐੱਸਪੀ ਦੀਪਕ ਪਾਰਿਕ ਨੇ ਦਿੱਤੀ।
ਐੱਸਐੱਸਪੀ ਨੇ ਦੱਸਿਆ ਕਿ ਸ੍ਰੀ ਕਾਲੀ ਮਾਤਾ ਮੰਦਿਰ ਵਿਖੇ 26 ਸਤੰਬਰ ਤੋਂ 4 ਅਕਤੂਬਰ ਤੱਕ ਮਨਾਏ ਜਾਣ ਵਾਲੇ ਨਰਾਤਿਆਂ ਮੌਕੇ ਫੁਆਰਾ ਚੌਕ ਤੋਂ ਭਾਰੇ ਵਾਹਨਾਂ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਜਦਕਿ ਛੋਟੇ ਵਾਹਨਾਂ ਨੂੰ ਮਾਲ ਰੋਡ ਰਾਹੀਂ ਲਾਂਘਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਬੱਸ ਸਟੈਂਡ ਪੁਲ਼ ਦੇ ਹੇਠਾਂ ਤੋਂ ਆਉਣ ਵਾਲੀ ਰੋਡ ’ਤੇ ਵੀ ਬੈਰੀਕੇਡਿੰਗ ਕੀਤੀ ਗਈ ਹੈ, ਤਾਂ ਜੋ ਭਾਰੀ ਵਾਹਨਾਂ ਦਾ ਮੰਦਰ ਵਾਲੀ ਸੜਕ ਉੱਤੇ ਦਾਖਲਾ ਨਾ ਹੋਵੇ ਪਰ ਹਲਕੇ ਵਾਹਨਾਂ ਲਈ ਇਸ ਪਾਸਿਓਂ ਵੀ ਲਾਂਘਾ ਰੱਖਿਆ ਜਾਵੇਗਾ।
ਇਸੇ ਤਰ੍ਹਾਂ ਕੈਪੀਟਲ ਸਿਨੇਮਾ ਚੌਕ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਜੋ ਕੋਈ ਵੀ ਵਾਹਨ ਮੰਦਰ ਵਾਲ਼ੀ ਸੜਕ ਉੱਤੇ ਨਾ ਜਾਵੇ। ਦੂਜੀ ਸੜਕ ਉੱਤੇ ਦੋਵੇਂ ਪਾਸੇ ਆਵਾਜਾਈ ਚਲਾਈ ਜਾਵੇਗੀ। ਆਟੋ ਅਤੇ ਈ ਰਿਕਸ਼ਾ ਨੂੰ ਬਾਰਾਂਦਰੀ ਰਸਤੇ ਰਾਹੀਂ ਭੇਜਿਆ ਜਾਵੇਗਾ। ਇਸੇ ਦੌਰਾਨ ਪਟਿਆਲਾ ਦੇੇ ਡੀਐੱਸਪੀ (ਟਰੈਫਿਕ) ਕਰਮਵੀਰ ਸਿੰਘ ਤੂਰ ਨੇ ਵੀ ਟਰੈਫਿਕ ਪੁਲੀਸ ਦੇ ਮੁਲ਼ਾਜ਼ਮਾਂ ਨੂੰ ਨਾਲ਼ ਲੈ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾ ਦਾ ਕਹਿਣਾ ਸੀ ਕਿ ਭਾਵੇਂ ਕਿ ਨਰਾਤਿਆਂ ਦੇ ਦਿਨਾ ’ਚ ਹਰ ਵਾਰ ਹੀ ਇੱਥੇ ਭਾਰੀ ਭੀੜ ਰਹਿੰਦੀ ਹੈ ਪਰ ਇਸ ਦੇ ਬਾਵਜੂਦ ਪੁਲੀਸ ਫੋਰਸ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਹਿਰਾ ਦੇਵੇਗੀ।