ਬਹਾਦਰ ਸਿੰਘ ਮਰਦਾਂਪੁਰ
ਰਾਜਪੁਰਾ, 14 ਜੁਲਾਈ
ਇੱਥੋਂ ਨੇੜਲੇ ਪਿੰਡ ਨਲਾਸ ਖੁਰਦ ਦੀ ਪੰਚਾਇਤ ’ਤੇ ਅਦਾਲਤੀ ਰੋਕ ਦੇ ਬਾਵਜੂਦ ਫੰਡ ਵਰਤਣ ਦਾ ਦੋਸ਼ ਲੱਗਿਆ ਹੈ। ਇਹ ਮਾਮਲਾ ਹੁਣ ਐੱਸ.ਡੀ.ਐੱਮ ਰਾਜਪੁਰਾ ਕੋਲ ਪੁੱਜਾ ਗਿਆ ਹੈ। ਪਿੰਡ ਦੇ ਵਸਨੀਕ ਰਣਜੀਤ ਸਿੰਘ ਸੈਣੀ, ਸਵਰਨ ਸਿੰਘ, ਸਰਬਜੀਤ ਸਿੰਘ, ਜਸਵਿੰਦਰ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ, ਜਗੀਰ ਸਿੰਘ ਅਤੇ ਅਸ਼ੋਕ ਕੁਮਾਰ ਨੇ ਐੱਸ.ਡੀ.ਐਮ ਰਾਜਪੁਰਾ ਸੰਜੀਵ ਕੁਮਾਰ ਨੂੰ ਸ਼ਿਕਾਇਤ ਕੀਤੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਿੰਡ ਦੀ ਪੰਚਾਇਤ ਦੇ 55 ਕਰੋੜ 13 ਲੱਖ 20 ਹਜ਼ਾਰ 500 ਰੁਪਏ ਫੰਡ ਖਰਚਣ ’ਤੇ 29 ਮਈ 2019 ਨੂੰ ਸਟੇਅ ਲਗਾਈ ਸੀ। ਅਦਾਲਤੀ ਹੁਕਮਾਂ ਅਨੁਸਾਰ ਪੰਚਾਇਤ ਸਿਰਫ ਇਸ ਰਕਮ ਦੇ ਵਿਆਜ ਨੂੰ ਪਿੰਡ ਦੇ ਵਿਕਾਸ ਕਾਰਜਾਂ ’ਤੇ ਖਰਚ ਕਰ ਸਕਦੀ ਹੈ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪੰਚਾਇਤ ਵੱਲੋਂ ਪੰਚਾਇਤੀ ਫੰਡ ਵਿੱਚੋਂ ਵੀ ਕਰੋੜਾਂ ਰੁਪਏ ਕਢਵਾ ਲਏ ਗਏ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੰਚਾਇਤ ਵੱਲੋਂ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਨ ’ਤੇ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਪੰਚਾਇਤ ਸਕੱਤਰ ਰਜਿੰਦਰ ਬਾਂਸਲ ਅਤੇ ਪਿੰਡ ਦੇ ਸਰਪੰਚ ਮੁਨਸ਼ੀ ਰਾਮ ਦਾ ਕਹਿਣਾ ਹੈ ਕਿ ਫੰਡ ਖਰਚਣ ’ਤੇ ਰੋਕ ਸਬੰਧੀ ਉਨ੍ਹਾਂ ਕੋਲ ਕੋਈ ਅਦਾਲਤੀ ਹੁਕਮ ਨਹੀਂ ਹੈ। ਲੋੜ ਮੁਤਾਬਕ ਉਨ੍ਹਾਂ ਨੇ ਕਰੀਬ 18-20 ਕਰੋੜ ਰੁਪਏ ਫੰਡ ਬੈਂਕ ਖਾਤੇ ਵਿੱਚੋਂ ਕਢਵਾ ਕੇ ਪਿੰਡ ਦੇ ਵਿਕਾਸ ਕਾਰਜਾਂ ਉੱਪਰ ਖਰਚ ਕੀਤਾ ਹੈ। ਬੀ.ਡੀ.ਪੀ.ਓ ਰਾਜਪੁਰਾ ਅਮਨਦੀਪ ਕੌਰ ਖੰਗੂੜਾ ਦਾ ਕਹਿਣਾ ਹੈ ਕਿ ਪਿੰਡ ਵਾਸੀਆਂ ਵੱਲੋਂ ਐੱਸ.ਡੀ.ਐੱਮ ਨੂੰ ਪੰਚਾਇਤ ਖਿਲਾਫ ਕੀਤੀ ਗਈ ਸ਼ਿਕਾਇਤ ਪ੍ਰਾਪਤ ਹੋਣ ’ਤੇ ਉਹ ਇਸ ਦੀ ਜਾਂਚ ਕਰਨਗੇ। ਜੇਕਰ ਪੰਚਾਇਤ ਵੱਲੋਂ ਅਦਾਲਤੀ ਹੁਕਮਾਂ ਦੀ ਉਲੰਘਣਾ ਹੋਈ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਐੱਸ.ਡੀ.ਐੱਮ. ਸੰਜੀਵ ਕੁਮਾਰ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਨੇ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ 19 ਜੁਲਾਈ ਨੂੰ ਬੀ.ਡੀ.ਪੀ.ਓ. ਰਾਜਪੁਰਾ ਨੂੰ ਰਿਕਾਰਡ ਸਮੇਤ ਤਲਬ ਕੀਤਾ ਹੈ। ਉਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ 19 ਜੁਲਾਈ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਕਰਨਗੇ।