ਰਵੇਲ ਸਿੰਘ ਭਿੰਡਰ
ਪਟਿਆਲਾ, 20 ਜੁਲਾਈ
ਸ਼ਾਹੀ ਸ਼ਹਿਰ ਦੇ ਨਗਰ ਨਿਗਮ ਦੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੇ ਮੁੱਖ ਮੰਤਰੀ ਦੇ ਆਪਣੇ ਜੱਦੀ ਸ਼ਹਿਰ ਜ਼ਿਲ੍ਹਾ ਪਟਿਆਲਾ ’ਚ ਅਸਲੋਂ ਹੀ ਪ੍ਰਭਾਵਤ ਹੋਈ ਰਾਸ਼ਨ ਵੰਡ ਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਜਿਥੇ ਲੋਕਾਂ ’ਚ ਹਾਹਾਕਾਰ ਮਚੀ ਹੈ, ਉਥੇ ਹੀ ਕਰੋਨਾ ਕੇਸਾਂ ਦੀ ਵਧੀ ਗਿਣਤੀ ਕਾਰਨ ਪਟਿਆਲਾ ਸ਼ਹਿਰ ਦੇ ਕਈ ਇਲਾਕਿਆਂ ਨੂੰ ਕੰਟੇਨਮੈਂਟ ਜ਼ੋਨਾਂ ’ਚ ਭਾਵੇਂ ਤਬਦੀਲ ਕਰ ਦਿੱਤਾ ਗਿਆ ਹੈ, ਪਰ ਲੋੜਵੰਦ ਤੇ ਜ਼ਰੂਰਤਮੰਦਾਂ ਤੱਕ ਰਾਸ਼ਨ ਨਾ ਪੁੱਜਣ ਕਾਰਨ ਪ੍ਰਸ਼ਾਸਨ ਦੇ ਉਨਾਂ ਦਾਅਵਿਆਂ ਦੀ ਪੋਲ ਖੁੱਲ੍ਹ ਰਹੀ ਹੈ ਜੋ ਰਾਸ਼ਨ ਭੇਜਣ ਤੇ ਪੁੱਜਣ ਦੇ ਦਾਅਵੇ ਕਰ ਰਹੇ ਹਨ। ਸਾਬਕਾ ਅਕਾਲੀ ਮੇਅਰ ਅਜੀਤਪਾਲ ਨੇ ਚਿੰਤਾ ਪ੍ਰਗਟਾਈ ਕਿ ਆਖਿਰ ਸਰਕਾਰ ਗਰੀਬ ਤੇ ਸਮਾਜ ਦੇ ਦੱਬੇ ਲੋਕਾਂ ਨੂੰ ਪ੍ਰੇਸ਼ਾਨ ਕਰਕੇ ਕੀ ਸਿੱਧ ਕਰਨਾ ਚਾਹੁੰਦੀ ਹੈ। ਉਨਾਂ ਕਿਹਾ ਕਿ ਭਾਵੇਂ ਸ਼ਹਿਰ ਦੇ ਕਈ ਵਾਰਡਾਂ ਨੁੰ ਕੰਟੇਨਮੈਂਟ ਜ਼ੋਨਾਂ ’ਚ ਤਬਦੀਲ ਕਰ ਦਿੱਤਾ, ਪਰ ਲੋਕ ਆਪਣੇ ਘਰਾਂ ਲਈ ਜ਼ਰੂਰਤ ਵਾਲੀਆਂ ਚੀਜ਼ਾਂ ਹਾਸਲ ਕਰਨ ਤੋਂ ਸੱਖਣੇ ਹੋਣ ਕਾਰਨ ਸਰਕਾਰ ਨੂੰ ਕੋਸਦੇ ਹਨ। ਸਾਬਕਾ ਮੇਅਰ ਨੇ ਕਿਹਾ ਕਿ ਕੰਟੇਨਮੈਂਟ ਜ਼ੋਨਾਂ ਨੇੜੇ ਸ਼ਰਾਬ ਦੇ ਠੇਕਿਆਂ ਨੂੰ ਛੱਡ ਕੇ ਵਾਰਡਾਂ ਨੂੰ ਕੰਟੇਨਮੈਂਟ ਜ਼ੋਨ ’ਚ ਤਬਦੀਲ ਕਰ ਦਿੱਤਾ ਹੈ, ਜਿਸ ਕਾਰਨ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਗੁੱਸਾ ਕੱਢਿਆ ਕਿ ਠੇਕੇ ਤਾਂ ਖੁੱਲ੍ਹੇ ਪਏ ਹਨ, ਪਰ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਸਾਬਕਾ ਮੇਅਰ ਨੇ ਕਿਹਾ ਕਿ ਜੇ ਸਰਕਾਰ ਜਾਂ ਪ੍ਰਸ਼ਾਸਨ ਜ਼ਰੂਰਤਮੰਦਾਂ ਤੱਕ ਰਾਸ਼ਨ ਪਹੁੰਚਾਉਣ ਤੋਂ ਤੌਬਾ ਕਰ ਲਈ ਹੈ ਤਾਂ ਅਕਾਲੀ ਦਲ ਭਵਿੱਖੀ ਰਣਨੀਤੀ ਤਹਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰੇਗਾ। ਇਸ ਮੌਕੇ ਯੋਗੇਸ਼ ਟੰਡਨ, ਅਮਿਤ ਟੰਡਨ, ਮੁਨੀਸ਼ ਕੁਮਾਰ, ਬ੍ਰਿਜ ਲਾਲ, ਮਾਨਵ ਬੱਬਰ ਆਦਿ ਹਾਜ਼ਰ ਸਨ।