ਅਦਾਲਤ ’ਚ ਸਮਰਪਣ ਪਿੱਛੋਂ ਸਿੱਧੂ ਨੂੰ ਜੇਲ੍ਹ ਭੇਜਿਆ

ਸ਼ਾਮੀਂ ਚਾਰ ਵਜੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ’ਚ ਹੋਏ ਪੇਸ਼; ਸਵਾ ਛੇ ਵਜੇ ਜੇਲ੍ਹ ’ਚ ਹੋਏ ਦਾਖ਼ਲ

ਅਦਾਲਤ ’ਚ ਸਮਰਪਣ ਪਿੱਛੋਂ ਸਿੱਧੂ ਨੂੰ ਜੇਲ੍ਹ ਭੇਜਿਆ

ਨਵਜੋਤ ਸਿੱਧੂ ਸਮਰਪਣ ਕਰਨ ਲਈ ਸੀਜੇਐੱਮ ਅਦਾਲਤ ’ਚ ਆਪਣੇ ਸਾਥੀ ਨੂੰ ਮਿਲਦੇ ਹੋਏ। -ਫੋਟੋ: ਰਾਜੇਸ਼ ਸੱਚਰ

ਸਰਬਜੀਤ ਸਿੰਘ ਭੰਗੂ
ਪਟਿਆਲਾ, 20 ਮਈ

ਮੁੱਖ ਅੰਸ਼

  • ਜੇਲ੍ਹ ਦੇ 10 ਨੰਬਰ ਵਾਰਡ ਵਿੱਚ ਰੱਖਿਆ

ਕ੍ਰਿਕਟ ਦੇ ਮੈਦਾਨ ਤੋਂ ਸਿਆਸਤ ਦੇ ਪਿੜ ਵਿੱਚ ਨਿੱਤਰੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਨੇ ਸੁਪਰੀਮ ਕੋਰਟ ਵਿੱਚ ਕੀਤੀ ਕਾਨੂੰਨੀ ਚਾਰਾਜੋਈ ਮਗਰੋਂ ਅੱਜ ਸ਼ਾਮੀਂ ਇਥੇ ਚੀਫ ਜੁਡੀਸ਼ੀਅਲ ਮੈਜਿਸਟਰੇਟ (ਸੀਜੀਐੱਮ) ਦੀ ਅਦਾਲਤ ’ਚ ਆਤਮ-ਸਮਰਪਣ ਕਰ ਦਿੱਤਾ ਜਿਥੋਂ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਸਿੱਧੂ ਨੂੰ 34 ਸਾਲ ਪੁਰਾਣੇ ਰੋਡ-ਰੇਜ ਕੇਸ ਵਿੱਚ ਲੰਘੇ ਦਿਨ ਇਕ ਸਾਲ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਸੀ। ਸਿੱਧੂ ਨੇ ਅੱਜ ਆਪਣੇ ਵਕੀਲ ਰਾਹੀਂ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਨਾਸਾਜ਼ ਸਿਹਤ ਦੇ ਹਵਾਲੇ ਨਾਲ ਮੈਡੀਕਲ ਆਧਾਰ ’ਤੇ ਆਤਮ-ਸਮਰਪਣ ਲਈ ਹਫ਼ਤੇ ਦੀ ਮੋਹਲਤ ਮੰਗੀ ਸੀ। ਇਸ ਦੌਰਾਨ ਸਿੱਧੂ ਵੱਲੋਂ ਸਜ਼ਾ ਦੇ ਫੈਸਲੇ ’ਤੇ ਨਜ਼ਰਸਾਨੀ ਲਈ ਸੁਪਰੀਮ ਕੋਰਟ ’ਚ ਕਿਊਰੇਟਿਵ ਪਟੀਸ਼ਨ ਦਾਖ਼ਲ ਕਰਨ ਦੇ ਵੀ ਚਰਚੇ ਹਨ।

ਸਿੱਧੂ ਨੇ ਅੱਜ ਸ਼ਾਮੀਂ ਚਾਰ ਵਜੇ ਇਥੇ ਚੀਫ ਜੁਡੀਸ਼ਲ ਮੈਜਿਸਟਰੇਟ ਅਮਿਤ ਮਲਹਾਨ ਦੀ ਅਦਾਲਤ ’ਚ ਆਤਮ-ਸਮਰਪਣ ਕੀਤਾ। ਇਸ ਦੌਰਾਨ ਅਦਾਲਤ ਦੇ ਬੰਦ ਕਮਰੇ ’ਚ ਘੰਟਾ ਭਰ ਕਾਰਵਾਈ ਚੱਲੀ। ਸਿੱਧੂ ਵੱਲੋਂ ਵਕੀਲ ਐੱਚਪੀਐੱਸ ਵਰਮਾ ਪੇਸ਼ ਹੋਏ। ਅਮਲ ਪੂਰਾ ਹੋਣ ’ਤੇ ਅਦਾਲਤ ਨੇ ਸਿੱਧੂ ਨੂੰ ਡੀਐੱਸਪੀ ਮੋਹਿਤ ਅਗਰਵਾਲ ਦੇ ਹਵਾਲੇ ਕਰਦਿਆਂ ਨਿਆਂਇਕ ਹਿਰਾਸਤ ਅਧੀਨ ਜੇਲ੍ਹ ਛੱਡਣ ਦੀ ਤਾਕੀਦ ਕੀਤੀ। ਮਾਤਾ ਕੁਸ਼ੱਲਿਆ ਸਰਕਾਰੀ ਹਸਪਤਾਲ਼ ਵਿੱਚ ਮੈਡੀਕਲ ਕਰਵਾਉਣ ਮਗਰੋਂ ਪੁਲੀਸ ਪਾਰਟੀ ਸਿੱਧੂ ਨੂੰ ਕੇਂਦਰੀ ਜੇਲ੍ਹ ਪਟਿਆਲਾ ਛੱਡ ਆਈ। ਸਿੱਧੂ ਨੇ ਸ਼ਾਮੀਂ ਸਵਾ ਛੇ ਵਜੇ ਜੇਲ੍ਹ ’ਚ ਦਾਖ਼ਲ ਹੋਏ। ਇਸ ਦੌਰਾਨ ਪਹਿਲਾਂ ਜੇਲ੍ਹ ਦੀ ਡਿਉਢੀ ’ਚ ਬਣਦੀ ਦਸਤਾਵੇਜ਼ੀ ਕਾਰਵਾਈ ਮੁਕੰਮਲ ਕੀਤੀ ਗਈ। ਸਿੱਧੂ ਨੂੰ ਜੇਲ੍ਹ ਵਿਚਲੀ ਵਾਰਡ ਨੰਬਰ 10 ’ਚ ਰੱਖਿਆ ਗਿਆ ਹੈ। ਹੁਣ ਭਲਕੇ ਸਿੱਧੂ ਦਾ ਮੁਲਾਹਜਾ ਤੇ ਕੁਰਸੀਨਾਮਾ ਹੋਵੇਗਾ।

ਪਟਿਆਲਾ ਦੀ ਅਦਾਲਤ ’ਚ ਆਤਮ ਸਮਰਪਣ ਮਗਰੋਂ ਨਵਜੋਤ ਸਿੱਧੂ ਨੂੰ ਲਿਜਾਂਦੀ ਹੋਈ ਪੁਲੀਸ। -ਫੋਟੋ: ਰਾਜੇਸ਼ ਸੱਚਰ

ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਜੇਲ੍ਹ ਜਾਣ ਤੋਂ ਬਚਣ ਲਈ ਸੁਪਰੀਮ ਕੋਰਟ ’ਚ ਅਰਜ਼ੀ ਦੇ ਕੇ ਸਿਹਤ ਖਰਾਬ ਹੋਣ ਦੇ ਹਵਾਲੇ ਨਾਲ਼ ਆਤਮ-ਸਮਰਪਣ ਲਈ ਹਫ਼ਤੇ ਦੀ ਮੋਹਲਤ ਮੰਗੀ ਸੀ। ਹਾਲਾਂਕਿ ਸਥਿਤੀ ਅਸਪਸ਼ਟ ਹੋਣ ਕਰਕੇ ਸਿੱਧੂ ਨੇ ਮਗਰੋਂ ਚਾਰ ਵਜੇ ਅਦਾਲਤ ਵਿੱਚ ਜਾ ਕੇ ਆਤਮ-ਸਮਰਪਣ ਕਰ ਦਿੱਤਾ। ਇਸ ਦੌਰਾਨ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਸਿੱਧੂ ਨੂੰ ਸਿਹਤ ਨਾਲ ਜੁੜੀ ਕੁਝ ਸਮੱਸਿਆ ਹੈ। ਉਨ੍ਹਾਂ ਨੂੰ ਇਲਾਜ ਦੀ ਲੋੜ ਹੈ ਤਾਂ ਕਿ ਉਸ ਦੀ ਲੱਤ ਵਿੱਚ ਖ਼ੂਨ ਦਾ ਗੱਤਲਾ (ਕਲੋਟ) ਨਾ ਹੋਵੇ। ਡੱਲਾ ਨੇ ਕਿਹਾ, ‘‘ਸਾਨੂੰ ਇਕੋ ਫ਼ਿਕਰ ਹੈ ਕਿ ਕੀ ਸਿੱਧੂ ਨੂੰ ਜੇਲ੍ਹ ਵਿੱਚ ਢੁੱਕਵਾਂ ਇਲਾਜ ਮਿਲੇਗਾ।’’ ਉਧਰ ਚੰਡੀਗੜ੍ਹ ਤੋਂ ਆ ਕੁਝ ਸੀਨੀਅਰ ਅਧਿਕਾਰੀਆਂ ਨੇ ਜੇਲ੍ਹ ਦਾ ਦੌਰਾ ਕਰਕੇ ਜੇਲ੍ਹ ਅਧਿਕਾਰੀਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ। ਸੂਤਰਾਂ ਮੁਤਾਬਕ ਮੀਟਿੰਗ ਦੌਰਾਨ ਜੇਲ੍ਹ ਵਿੱਚ ਬੰਦ ਸਿਆਸਤਦਾਨਾਂ ਦੀ ਸੁਰੱਖਿਆ ਨਾਲ ਜੁੜੇ ਮੁੱਦੇ ’ਤੇ ਚਰਚਾ ਹੋਈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਇਸੇ ਹੀ ਜੇਲ੍ਹ ’ਚ ਹਨ। ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਤਹਿਤ ਬੰਦ ਅੱਧਾ ਦਰਜਨ ਕੈਦੀਆਂ ਸਣੇ ਦੋ ਦਰਜਨ ਖਤਰਨਾਕ ਗੈਂਗਸਟਰ ਵੀ ਹਨ। ਭ੍ਰਿਸ਼ਟਾਚਾਰ ਦੇ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਭਰਤਇੰਦਰ ਚਹਿਲ, ਸੁਖਪਾਲ ਖਹਿਰਾ, ਰਵੀ ਸਿੱਧੂੇ ਵੀ ਇਸੇ ਜੇਲ੍ਹ ’ਚ ਰਹਿ ਚੁੱਕੇ ਹਨ। ਐਮਰਜੈਂਸੀ ਦੌਰਾਨ ਚੰਦਰ ਸ਼ੇਖਰ ਵੀ ਇਥੇ ਹੀ ਬੰਦ ਰਹੇ, ਜੋ ਮਗਰੋਂ ਪ੍ਰਧਾਨ ਮੰਤਰੀ ਬਣੇ। ਐਮਰਜੈਂਸੀ ਦੌਰਾਨ ਹੀ ਗੁਰਚਰਨ ਸਿੰਘ ਟੌਹੜਾ ਤੇ ਪ੍ਰੇਮ ਸਿੰਘ ਚੰਦੂਮਾਜਰਾ, ਧਰਮ ਯੁੱਧ ਮੋਰਚੇ ਵੇਲੇ ਸੁਖਦੇਵ ਢੀਂਡਸਾ ਵੀ ਇਥੇ ਹੀ ਬੰਦ ਰਹੇ।

ਸੂਬਾਈ ਕਾਂਗਰਸ ਵੀ ਸਿੱਧੂ ਨਾਲ਼ ਨਾ ਖੜ੍ਹੀ

ਇਸ ਔਖੀ ਘੜੀ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅੱਜ ਨਵਜੋਤ ਸਿੱਧੂ ਨਾਲ ਖੜ੍ਹੀ ਨਜ਼ਰ ਨਹੀਂ ਆਈ। ਸਿੱਧੂ ਦੇ ਘਰ ਸਿਰਫ਼ 9 ਸਾਬਕਾ ਵਿਧਾਇਕ ਹੀ ਪੁੱਜੇ। ਕਾਂਗਰਸ ਦੇ ਮੌਜੂਦਾ 18 ਵਿਧਾਇਕਾਂ ਵਿਚੋਂ ਇੱਕ ਵੀ ਨਜ਼ਰ ਨਾ ਆਇਆ। ਉਂਜ ਕਾਂਗਰਸ ਦੀ ਕੌਮੀ ਨੇਤਾ ਪ੍ਰਿਯੰਕਾ ਗਾਂਧੀ ਨੇ ਫੋਨ ਕਰਕੇ ਸਿੱਧੂ ਨਾਲ ਹਮਦਰਦੀ ਪ੍ਰਗਟਾਈ। ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਦੋ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਤੇ ਸਾਧੂ ਧਰਮਸੋਤ ਸਮੇਤ ਸਾਬਕਾ ਵਿਧਾਇਕ ਮਦਨ ਜਲਾਲਪੁਰ ਵੀ ਨਾ ਪਹੁੰਚੇ। ਕਾਂਗਰਸੀ ਨਾ ਹੋਣ ਦੇ ਬਾਵਜੂਦ ‘ਆਪ’ ਦੇ ਐੱਮਪੀ ਰਹੇ ਡਾ. ਧਰਮਵੀਰ ਗਾਂਧੀ ਅੱਜ ਸਿੱਧੂ ਦੇ ਘਰ ਪਹੁੰਚੇ।

ਮੈਂ ਕਦੇ ਨਸ਼ਾ ਤਸਕਰੀ ਵਰਗਾ ਅਪਰਾਧ ਨਹੀਂ ਕੀਤਾ: ਸਿੱਧੂ

ਨਵਜੋਤ ਸਿੱਧੂ ਨੇ ਅੱਜ ਦਿਨੇਂ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ’ਚ ਨਸ਼ਿਆਂ ਦੀ ਤਸਕਰੀ ਜਾਂ ਕੋਈ ਅਜਿਹਾ ਅਪਰਾਧ ਨਹੀਂ ਕੀਤਾ, ਜਿਸ ਦੀ ਜਾਂਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਕਰਨੀ ਪਈ ਹੋਵੇ। ਰੋਡ ਰੇਜ ਕੇਸ ਬਾਰੇ ਸਿੱਧੂ ਨੇ ਕਿਹਾ ਕਿ ਇਹ ਵੀ ਸਾਢੇ ਤਿੰਨ ਦਹਾਕੇ ਪੁਰਾਣਾ ਕੇਸ ਹੈ, ਜਿਸ ਦੌਰਾਨ ਉਹ ਰਾਜਨੀਤੀ ਵਿੱਚ ਨਹੀਂ ਆਏ ਸਨ। ਉਨ੍ਹਾਂ ਨੇ ਅਦਾਲਤ ਦੇ ਫੈਸਲੇ ਨੂੰ ਸਿਰ ਮੱਥੇ ਆਖਿਆ।

ਨਵਜੋਤ ਕੌਰ ਸਿੱਧੂ ਪਟਿਆਲਾ ਤੋਂ ਲੜ ਸਕਦੀ ਹੈ ਲੋਕ ਸਭਾ ਚੋਣ

ਇਥੇ ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਇੱਕ ਸਾਲ ਦੀ ਸਜ਼ਾ ਹੋਣ ’ਤੇ ਚੋਣ ਲੜਨ ਉੱਤੇ ਪਾਬੰਦੀ ਨਹੀਂ ਲੱਗਦੀ। ਰਿਹਾਈ ਮਗਰੋਂ ਨਵਜੋਤ ਸਿੱਧੂ ਅੰਮ੍ਰਿਤਸਰ ਤੋਂ ਚੋਣ ਲੜਨਗੇ। ਉਨ੍ਹਾਂ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਅਗਾਮੀ ਲੋਕ ਸਭਾ ਚੋਣਾ ਪਟਿਆਲਾ ਤੋਂ ਲੜਨ ਦਾ ਇਸ਼ਾਰਾ ਕੀਤਾ।

ਸੁਪਰੀਮ ਕੋਰਟ ਵੱਲੋਂ ਸਿੱਧੂ ਦੇ ਵਕੀਲ ਨੂੰ ਰਸਮੀ ਅਰਜ਼ੀ ਦਾਖ਼ਲ ਕਰਨ ਦੀ ਹਦਾਇਤ

ਨਵੀਂ ਦਿੱਲੀ: ਨਵਜੋਤ ਸਿੱਧੂ ਨੇ ਆਪਣੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਰਾਹੀਂ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਨਾਸਾਜ਼ ਸਿਹਤ ਦੇ ਹਵਾਲੇ ਨਾਲ ਮੈਡੀਕਲ ਆਧਾਰ ’ਤੇ ਆਤਮ ਸਮਰਪਣ ਲਈ ਹਫ਼ਤੇ ਦੀ ਮੋਹਲਤ ਮੰਗੀ। ਜਸਟਿਸ ਖਾਨਵਿਲਕਰ ਨੇ ਹਾਲਾਂਕਿ ਸਿੰਘਵੀ ਨੂੰ ਰਸਮੀ ਅਪੀਲ ਦਾਖ਼ਲ ਕਰਨ ਲਈ ਆਖਦਿਆਂ ਭਾਰਤ ਦੇ ਚੀਫ ਜਸਟਿਸ ਐੱਨ.ਵੀ.ਰਾਮੰਨਾ ਨੂੰ ਗੁਜ਼ਾਰਿਸ਼ ਕਰਨ ਲਈ ਕਿਹਾ। ਸੁਪਰੀਮ ਕੋਰਟ ਨੇ ਕਿਹਾ, ‘‘ਰਸਮੀ ਅਰਜ਼ੀ ਦਾਖ਼ਲ ਕਰੋ... ਤੇ ਚੀਫ਼ ਜਸਟਿਸ ਦੀ ਕੋਰਟ ਵਿੱਚ ਇਸ ਦਾ ਜ਼ਿਕਰ ਕਰੋ, ਫਿਰ ਅਸੀਂ ਵੇਖਾਂਗੇ।’’ -ਪੀਟੀਆਈ

ਸਿੱਧੂ ਦੇ ਨਾਲ ਹਾਂ: ਰਾਜਾ ਵੜਿੰਗ

ਚੰਡੀਗੜ੍ਹ (ਟਨਸ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਨਵਜੋਤ ਸਿੱਧੂ ਦੇ ਮਾਮਲੇ ’ਤੇ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਵੜਿੰਗ ਨੇ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਕੋਈ ਟਿੱਪਣੀ ਨਹੀਂ ਕਰਨਗੇ, ਪਰ ਨਵਜੋਤ ਸਿੱਧੂ ਉਨ੍ਹਾਂ ਦੇ ਵੱਡੇ ਭਰਾ ਹਨ। ਉਧਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਟਵੀਟ ਕਰ ਕੇ ਕਿਹਾ ਕਿ ਪੰਜਾਬ ਕਾਂਗਰਸ ਤੇ ਉਹ ਪੂਰੀ ਤਰ੍ਹਾਂ ਨਵਜੋਤ ਸਿੱਧੂ ਦੇ ਪਰਿਵਾਰ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਕਾਂਗਰਸ ਪਾਰਟੀ ਸਿੱਧੂ ਪਰਿਵਾਰ ਦੀ ਪਿੱਠ ’ਤੇ ਖੜ੍ਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All