ਗੁਰਨਾਮ ਸਿੰਘ ਅਕੀਦਾ
ਪਟਿਆਲਾ, 10 ਜੁਲਾਈ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਉੱਤੇ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਦੂਜੀ ਵਾਰ ਹਮਲਾ ਕੀਤਾ ਗਿਆ ਹੈ। ਤੇਜਿੰਦਰ ਮਹਿਤਾ ਅਨੁਸਾਰ ਪਹਿਲਾਂ ਸ਼ਰਾਰਤੀ ਅਨਸਰਾਂ ਨੇ ਕਥਿਤ ਸਿਆਸੀ ਲੋਕਾਂ ਦੀ ਸ਼ਹਿ ਉੱਤੇ ਉਨ੍ਹਾਂ ਦੇ ਘਰ ਤੇ ਦੁਕਾਨ ’ਤੇ ਪੱਥਰ ਸੁੱਟੇ ਅਤੇ ਬਾਅਦ ਵਿੱਚ ਬਾਹਰ ਖੜ੍ਹੀ ਕਾਰ ਉੱਤੇ ਪੱਥਰ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਹੁੱਲੜ ਮਚਾਉਂਦਿਆਂ ਸ਼ਰਾਰਤੀ ਅਨਸਰ ਉੱਥੋਂ ਭੱਜ ਗਏ।
ਤੇਜਿੰਦਰ ਮਹਿਤਾ ਨੇ ਕਿਹਾ ਕਿ ਅੱਧੀ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਇਸ ਘਟਨਾ ਬਾਰੇ ਜਦੋਂ ਸਵੇਰੇ ਪਤਾ ਲੱਗਾ ਤਾਂ ਨਾਲ ਦੇ ਦੁਕਾਨਦਾਰ ਦੇ ਸੀਸੀਟੀਵੀ ਦੀ ਰਿਕਾਰਡਿੰਗ ਚੈੱਕ ਕਰਨ ’ਤੇ ਪਤਾ ਲੱਗਿਆ ਕਿ ਰਾਤ ਤਕਰੀਬਨ 11:30 ਵਜੇ ਕੁਝ ਨੌਜਵਾਨ ਹੁੱਲੜਬਾਜ਼ੀ ਕਰਦੇ ਦਿਖਾਈ ਦਿੱਤੇ।
ਮੌਕੇ ’ਤੇ ਪੁੱਜੇ ‘ਆਪ’ ਆਗੂ ਪ੍ਰੋ. ਸੁਮੇਰ ਸਿੜਾ ਨੇ ਕਿਹਾ ਕਿ ਇਸ ਇਲਾਕੇ ਵਿੱਚ ਪਿਛਲੇ 3 ਮਹੀਨੇ ਤੋਂ ਵਾਰਦਾਤਾਂ ਵਿੱਚ ਇਜ਼ਾਫਾ ਹੋਇਆ ਹੈ ਜਿਸ ਦਾ ਕਾਰਨ ਰਿਹਾਇਸ਼ੀ ਇਲਾਕੇ ਵਿੱਚ ਖੁੱਲ੍ਹਿਆ ਸ਼ਰਾਬ ਦਾ ਠੇਕਾ ਹੈ। ਸ੍ਰੀ ਮਹਿਤਾ ਨੇ ਦੱਸਿਆ ਕਿ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਇਸ ਘਟਨਾ ਦੀ ‘ਆਪ’ ਦੇ ਸੂਬਾ ਸਕੱਤਰ ਗਗਨ ਚੱਢਾ, ਸ਼ਹਿਰ ਦੇ ਮੁੱਖ ਆਗੂ ਕੁੰਦਨ ਗੋਗੀਆ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਪ੍ਰੀਤੀ ਮਲਹੋਤਰਾ, ਪ੍ਰਿ. ਜੇਪੀ ਸਿੰਘ, ਮੇਜਰ ਮਲਹੋਤਰਾ, ਵਿਕਰਮ ਸ਼ਰਮਾ, ਵਿਜੇ ਕਨੌਜੀਆ , ਮਨਜੀਤ ਸਿੰਘ ਢਿੱਲੋਂ, ਚੰਦ ਸਿੰਘ ਆਦਿ ਨੇ ਨਿੰਦਾ ਕੀਤੀ।