ਪੱਤਰ ਪ੍ਰੇਰਕ
ਪਟਿਆਲਾ, 24 ਮਈ
ਪਟਿਆਲਾ ਦੀ ਵਿਰਾਸਤੀ ਰਾਜਿੰਦਰਾ ਝੀਲ ਤੇ ਕਰੋੜਾਂ ਰੁਪਏ ਖ਼ਰਚ ਕੇ ਇੱਥੇ ਦੀ ਸਫ਼ਾਈ ਤਾਂ ਨਹੀਂ ਹੋ ਸਕੀ ਪਰ ਇੱਥੇ ਕਮਲ ਦੇ ਫੁੱਲਾਂ ਦੀ ਬਹਾਰ ਆਈ ਹੋਈ ਹੈ। ਉਧਰ, ਆਮ ਆਦਮੀ ਪਾਰਟੀ ਦੇ ਆਗੂ ਕੁੰਦਨ ਗੋਗੀਆ ਨੇ ਰਾਜਿੰਦਰਾ ਝੀਲ ਦੀ ਸਫ਼ਾਈ ਨਾ ਹੋਣ ਦੇ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਰਾਜਿੰਦਰਾ ਝੀਲ ਵਿਚ ਬੇਸ਼ੱਕ ਕਮਲ ਦੇ ਫੁੱਲਾਂ ਦੀ ਬਹਾਰ ਹੈ, ਪਰ ਇੱਥੇ ਖੜ੍ਹੇ ਪਾਣੀ ਵਿਚੋਂ ਗੰਦਗੀ ਦੀ ਸੜ੍ਹਾਂਦ ਆਉਂਦੀ ਹੈ। ‘ਆਪ’ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਕੁੰਦਨ ਗੋਗੀਆ ਨੇ ਕਿਹਾ ਕਿ ਰਾਜਿੰਦਰਾ ਝੀਲ ਤੇ ਕਰੋੜਾਂ ਰੁਪਏ ਖ਼ਰਚੇ ਜਾ ਚੁੱਕੇ ਹਨ, ਫੁਆਰੇ ਲਗਾਏ ਗਏ ਸਨ, ਸੈਰ ਕਰਨ ਲਈ ਆਲੇ-ਦੁਆਲੇ ਫੁਟਪਾਥ ਬਣਾਉਣੀ ਸੀ, ਪਰ ਕੋਈ ਵੀ ਕੰਮ ਸਿਰੇ ਨਹੀਂ ਚੜਿ੍ਹਆ।
ਪੀਡਬਲਿਊਡੀ, ਨਗਰ ਨਿਗਮ ਵਿਭਾਗ ਤੋਂ ਇਲਾਵਾ ਸਾਰੇ ਵਿਭਾਗ ਆਪਣਾ ਪੱਲਾ ਛੁਡਾ ਰਹੇ ਹਨ। ਝੀਲ ਦੀ ਸਫ਼ਾਈ ਲਈ ਖਰਚੇ ਕਰੋੜਾਂ ਰੁਪਏ ਵਿੱਚ ਵੱਡੇ ਘਪਲੇ ਦਾ ਸ਼ੱਕ ਹੈ। ਇਸ ਦੀ ਜਾਂਚ ਕਰਵਾਉਣ ਲਈ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮਿਲਿਆ ਜਾਵੇਗਾ। ਉਧਰ, ਵਿਧਾਇਕ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧੀ ਸਬੰਧਿਤ ਵਿਭਾਗਾਂ ਤੋਂ ਰਿਪੋਰਟ ਮੰਗੀ ਹੈ, ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।