ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਅਗਸਤ
‘ਆਪ’ ਦੇ ਸੀਨੀਅਰ ਆਗੂ ਕੁੰਦਨ ਗੋਗੀਆਂ ਤੇ ਰਣਜੋਧ ਸਿੰਘ ਹਡਾਣਾ ਵੱਲੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ ਦੀ ਐਡਹਾਕ ਕਮੇਟੀ ਤੇ ਹੋਰ ਮੈਂਬਰਾਂ ਨਾਲ ਅਹਿਮ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ‘ਆਪ’ ਆਗੂਆਂ ਵੱਲੋਂ ਦਿੱਲੀ ਵਿਚ ਕੀਤੇ ਜਾ ਰਹੇ ਕੇਜਰੀਵਾਲ ਸਰਕਾਰ ਦੇ ਲੋਕ ਭਲਾਈ ਦੇ ਕੰਮਾਂ ਅਤੇ ਪੰਜਾਬ ਵਿਚ ਪਾਰਟੀ ਦੀ ਭਵਿੱਖ ਦੇ ਪ੍ਰੋਗਰਾਮਾਂ ਦੀ ਵਿਚਾਰ ਚਰਚਾ ਕੀਤੀ ਤੇ ਪਾਰਟੀ ਦੇ ਲੋਕ ਭਲਾਈ ਦੇ ਕੰਮਾਂ ਤੋਂ ਵਕੀਲ ਭਾਈਚਾਰੇ ਨੂੰ ਜਾਣੂ ਕਰਵਾਇਆ।
ਇਸ ਮੌਕੇ ਬਾਰ ਐਸੋਸੀਏਸ਼ਨ ਦੇ ਸਾਰੇ ਮੈਂਬਰ ਵੱਲੋਂ ‘ਆਪ’ ਆਗੂਆਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਮੌਕੇ ਕੁੰਦਨ ਗੋਗੀਆਂ ਤੇ ਰਣਜੋਧ ਸਿੰਘ ਹਡਾਨਾ ਨੇ ਸਾਂਝੇ ਤੌਰ ’ਤੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਵੱਖ ਵੱਖ ਸੰਸਥਾਵਾਂ ਨਾਲ ਰਾਬਤਾ ਕਰ ਰਹੇ ਨੇ ਜਿਸ ਦੇ ਸਿਲਸਿਲੇ ਵਜੋਂ ਵਕੀਲ ਭਾਈਚਾਰੇ ਨਾਲ ਮੀਟਿੰਗ ਕੀਤੀ ਗਈ ਤੇ ਉਨ੍ਹਾਂ ਨੂੰ ਪਾਰਟੀ ਦੀ ਨੀਤੀਆਂ ਤੋਂ ਜਾਣੂ ਕਾਰਵਾਈਆ ਗਿਆ ਹੈ। ਇਨ੍ਹਾਂ ਆਗੂਆਂ ਵੱਲੋਂ ਵਕੀਲ ਭਾਈਚਾਰੇ ਨੂੰ ਵੀ ਪਾਰਟੀ ਵਿਚ ਯੋਗ ਪ੍ਰਤੀਨਿਧਤਾ ਦਿਵਾਉਣ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ‘ਆਪ’ ਆਗੂਆਂ ਨੇ ਕਿਹਾ ਕਿ ਜਨਤਾ ਅਤੇ ਪੰਜਾਬ ਦੇ ਮੁੱਦਿਆਂ ’ਤੇ ਪਾਰਟੀ ਸੜਕ, ਵਿਧਾਨ ਸਭਾ ਦੇ ਨਾਲ-ਨਾਲ ਕਾਨੂੰਨੀ ਤੌਰ ’ਤੇ ਵੀ ਵਕੀਲ ਭਾਈਚਾਰੇ ਦੇ ਸਹਿਯੋਗ ਨਾਲ ਲੜਦੀ ਹੈ, ਵਕੀਲ ਭਾਈਚਾਰਾ ਹਮੇਸ਼ਾ ਸਮਾਜ ਨੂੰ ਨਿਆਂ ਦਿਵਾਉਣ ਦਾ ਕੰਮ ਕਰਦਾ ਹੈ ਜੋ ਕਿ ਆਪਣੇ ਆਪ ਵਿਚ ਇਕ ਸਮਾਜ ਸੇਵਾ ਹੈ।
ਕਾਨੂੰਨ ਤੇ ਸੰਵਿਧਾਨਕ ਕੰਮਾਂ ਵਿਚ ਵਕੀਲ ਭਾਈਚਾਰੇ ਦਾ ਹਮੇਸ਼ਾ ਅਹਿਮ ਯੋਗਦਾਨ ਰਹਿੰਦਾ ਹੈ, ਜਿਸ ਦਾ ਆਮ ਆਦਮੀ ਪਾਰਟੀ ਹਮੇਸ਼ਾ ਸਨਮਾਨ ਕਰਦੀ ਹੈ।