ਖੇਤਰੀ ਪ੍ਰਤੀਨਿਧ
ਪਟਿਆਲਾ, 28 ਸਤੰਬਰ
ਲਾਈਨਮੈਨਾਂ ਦੀਆਂ ਆਸਾਮੀਆਂ ਲਈ ਰੱਖੀ ਲਿਖਤੀ ਟੈਸਟ ਦੀ ਸ਼ਰਤ ਖ਼ਿਲਾਫ਼ ‘ਅਪ੍ਰੈਂਟਿਸ ਲਾਈਨਮੈਨ ਯੂਨੀਅਨ’ ਦੇ ਛੇ ਆਗੂਆਂ ਦਾ ਬਿਜਲੀ ਟਾਵਰ ’ਤੇ ਧਰਨਾ ਅੱਜ ਅੱਠਵੇਂ ਦਿਨਾਂ ਵੀ ਜਾਰੀ ਰਿਹਾ। ਉਧਰ ਪਾਵਰਕੌਮ ਦਫ਼ਤਰ ਸਾਹਮਣੇ ਪੱਕਾ ਮੋਰਚਾ ਦੋ ਮਹੀਨੇ ਪਾਰ ਕਰ ਗਿਆ ਹੈ। ਕਈ ਸਾਥੀ ਟਾਵਰ ਹੇਠਾਂ ਟਰਾਲੀਆਂ ’ਚ ਮੋਰਚਾ ਲਾਈਂ ਬੈਠੇ ਹਨ। ਜਿਨ੍ਹਾਂ ਦੀ ਹਮਾਇਤ ’ਚ ਪੁੱਜੇ ਸਾਬਕਾ ਅਕਾਲੀ ਮੰਤਰੀਆਂ ਬਿਕਰਮ ਮਜੀਠੀਆ ਤੇ ਸੁਰਜੀਤ ਰੱਖੜਾ ਨੇ ‘ਆਪ’ ਸਰਕਾਰ ’ਤੇ ਸ਼ਹੀਦ ਭਗਤ ਸਿੰਘ ਦੇ ਆਦਰਸ਼ਾਂ ’ਤੇ ਚੱਲਣ ਦਾ ਢੌਂਗ ਰਚਣ ਦੇ ਦੋਸ਼ ਲਾਉਂਦਿਆਂ, ਇਸ ਨੂੰ ਸ਼ਹੀਦਾਂ ਦੇ ਅਪਮਾਨ ਸਮੇਤ ਸਮੁੱੱਚੇ ਪੰਜਾਬੀਆਂ ਨਾਲ ਵੀ ਵੱਡਾ ਧਰੋਹ ਕਮਾਉਣ ਦੇ ਤੁੱਲ ਕਰਾਰ ਦਿੱਤਾ। ਲੋਕਾਂ ਨੂੰ ਜਮਹੂਰੀਅਤ ਪਸੰਦ ਸ਼ਾਸਨ ਤੇ ਬੁਨਿਆਦੀ ਹੱਕ ਯਕੀਨੀ ਬਣਾਉਣਾ ਵੀ ਆਜਾਦੀ ਦੇ ਪਰਵਾਨਿਆਂ ਦੇ ਏਜੰਡਿਆਂ ਦੀ ਸੂਚੀਆਂ ’ਚ ਸ਼ੁਮਾਰ ਸਨ। ਪਰ ਡਿਗਰੀਆਂ ਦੇ ਬਾਵਜੂਦ ਨੌਕਰੀਆਂ ਹਾਸਲ ਕਰਨ ਲਈ ਬੇਰੁਜ਼ਗਾਰਾਂ ਨੂੰ ਜਾਨਾ ਜ਼ੋਖਮ ’ਚ ਪਾਉਂਦਿਆਂ, ਮੀਂਹ ਤੇ ਹਨੇਰੀ ’ਚ ਭਾਰੀ ਵੋਲਟੇਜ ਵਾਲ਼ੇ ਬਿਜਲੀ ਟਾਵਰ ’ਤੇ ਰਾਤਾਂ ਕੱਟਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਬੇਰੁਜ਼ਗਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਤੇ ਮੀਡੀਆ ਨਾਲ ਗੱੱਲਬਾਤ ’ਚ ਮਜੀਠੀਆ ਨੇ ਕਿਹਾ ਕਿ ਅਨੇਕਾਂ ਉਦਾਹਰਨਾ ਹਨ, ਜੋ ‘ਆਪ’ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਰੋਲ ਮਾਡਲ ਮੰਨਦਿਆਂ ਉਨ੍ਹਾਂ ਦੇ ਨਕਸ਼ੇ ਕਦਮਾਂ ’ਤੇ ਚੱਲਣ ਦੇ ਪ੍ਰਣ ਕਰਨ ਦੀਆਂ ਗਤੀਵਿਧੀਆਂ ਨੂੰ ਗੁੰਮਰਾਹਕੁਨ ਸਾਬਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਅਤੇ ਹੋਰ ਸੂਰਬੀਰ ਯੋਧੇ ਦੇਸ਼ ਦੀ ਆਜਾਦੀ ਸਮੇਤ ਅਗਲੀਆਂ ਪੀੜ੍ਹੀਆਂ ਦਾ ਸੁਨਹਿਰਾ ਭਵਿੱਖ ਯਕੀਨੀ ਬਣਾਉਣਾ ਲਈ ਹੀ ਫਾਂਸੀਆਂ ਚੜ੍ਹੇ ਹਨ ਪਰ ‘ਆਪ’ ਹਕੂਮਤ ਦੇ ਸੱਤਾ ਸੰਭਾਲਦਿਆਂ ਹੀ ਜਿਥੇ ਬੇਰੁਜ਼ਗਾਰੀ ਦੇ ਸਤਾਏ ਨੌਜਵਾਨ ਅਣਕਿਆਸੇ ਸੰਘਰਸ਼ਾਂ ਦੇ ਰਾਹ ਤੁਰ ਪਏ,ਉਥੇ ਹੀ ਕਰਜ਼ੇ ਦੀ ਮਾਰ ਹੇਠਾਂ ਦਬੇ ਕਿਸਾਨ,ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਬੋਧਿਤ ਹੁੰਦਿਆਂ, ਮਜੀਠੀਆ ਨੇ ਕਿਹਾ ਕਿ ਕਿਉਂਕਿ ਉਹ ਤਾਂ ਖੁਦ ਆਪਣਿਆਂ ਦੇ ਹੀ ਦਬਾਅ ਦਾ ਸ਼ਿਕਾਰ ਹੋ ਰਹੇ ਹਨ, ਇਸ ਕਰਕੇ ਜ਼ਬਰ ਨਾਲ ਲੋਕਤੰਤਰੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਨਾ ਕਰਨ। ਉਨ੍ਹਾਂ ਅਪ੍ਰੈਂਟਿਸ ਕਰ ਚੁੱਕੇ ਨੌਜਵਾਨਾ ਨੂੰ ਪੁਰਾਣੇ ਨਿਯਮਾਂ ਅਨੁਸਾਰ ਹੀ ਨੌਕਰੀਆਂ ਦੇਣ ਦੀ ਵਕਾਲਤ ਕੀਤੀ।