ਗੁਰਨਾਮ ਸਿੰਘ ਚੌਹਾਨ
ਪਾਤੜਾਂ, 21 ਅਕਤੂਬਰ
ਪਿੰਡ ਗੁਲਾੜ ਦੀ ਪੰਚਾਇਤੀ ਜ਼ਮੀਨ ਉੱਤੇ ਖੇਤੀ ਕਰ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਵਿਅਕਤੀ ਨੂੰ ਇਨਸਾਫ਼ ਦਿਵਾਉਣ ਲਈ ਸਬੰਧਤ ਵਿਅਕਤੀ ਵੱਲੋਂ ਕੀਤੀ ਗਈ ਸ਼ਿਕਾਇਤ ਮਗਰੋਂ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਚੰਦਰੇਸ਼ਵਰ ਸਿੰਘ ਮੋਹੀ ਨੇ ਪਿੰਡ ਗੁਲਾਹੜ ਦਾ ਦੌਰਾ ਕੀਤਾ। ਇਸ ਦੌਰਾਨ ਡੀਐੱਸਪੀ ਬੂਟਾ ਸਿੰਘ ਗਿੱਲ, ਨਾਇਬ ਤਹਿਸੀਲਦਾਰ ਪਾਤੜਾਂ ਰਾਮਲਾਲ, ਬੀਡੀਪੀਓ ਪਾਤੜਾਂ ਸ੍ਰੀਮਤੀ ਵਨੀਤਾ ਮਿੱਤਲ, ਥਾਣਾ ਮੁਖੀ ਸ਼ੁਤਰਾਣਾ ਸ਼ਮਸ਼ੇਰ ਸਿੰਘ, ਤਹਿਸੀਲ ਭਲਾਈ ਅਫਸਰ ਸੁਖਪ੍ਰੀਤ ਕੌਰ ਅਤੇ ਗੁਲਾਹੜ ਦੀਆਂ ਚਾਰੇ ਪੰਚਾਇਤਾਂ ਦੇ ਸਰਪੰਚ ਅਤੇ ਪੰਚ ਹਾਜ਼ਰ ਸਨ। ਇਸ ਮੌਕੇ ਉਨ੍ਹਾਂ ਸ਼ਿਕਾਇਤਕਰਤਾ ਅਤੇ ਪੰਚਾਇਤਾਂ ਦਾ ਪੱਖ ਸੁਣਨ ਮਗਰੋਂ ਦੋਨਾਂ ਧਿਰਾਂ ਵਿਚਕਾਰ ਸਮਝੌਤਾ ਕਰਵਾ ਦਿੱਤਾ ਹੈ। ਪਿੰਡ ਗੁਲਾਹੜ ਦੇ ਸਰਪੰਚ ਬੂਟਾ ਸਿੰਘ ਅਤੇ ਬਲਾਕ ਸਮਿਤੀ ਮੈਂਬਰ ਪਿਆਰਾ ਰਾਮ ਵੱਲੋਂ ਕੀਤੇ ਯਤਨਾਂ ਮਗਰੋਂ ਸਿਰੇ ਚੜ੍ਹੇ ਸਮਝੌਤੇ ਅਨੁਸਾਰ ਸ਼ਿਕਾਇਤ ਕਰਤਾ ਵੱਲੋਂ ਵਾਹੀ ਜਾ ਰਹੀ ਸ਼ਾਮਲਾਟ ਜ਼ਮੀਨ ਦਾ ਤਿੰਨ ਸਾਲਾਂ ਦਾ ਚਕੋਤਾ ਕਰੀਬ ਢਾਈ ਲੱਖ ਰੁਪਏ ਦਾ ਬਕਾਇਆ ਮੁਆਫ਼ ਕਰਵਾ ਦਿੱਤਾ ਗਿਆ। ਇਸ ਦੌਰਾਨ ਹੋਏ ਲਿਖਤੀ ਸਮਝੌਤੇ ਅਨੁਸਾਰ ਸ਼ਿਕਾਇਤਕਰਤਾ ਸੇਵਾ ਸਿੰਘ ਨੂੰ ਅਗਾਮੀ ਸਾਲ 2021-22 ਤੋਂ ਚਕੋਤੇ ਦੀ ਰਕਮ ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਨੂੰ ਅਦਾ ਕਰਨ ਲਈ ਕਿਹਾ ਗਿਆ। ਸ਼ਿਕਾਇਤ ਕਰਤਾ ਨੂੰ ਗ੍ਰਾਮ ਪੰਚਾਇਤ ਨੇ ਡਿਫਾਲਟਰ ਐਲਾਨਿਆ ਸੀ, ਉਸਨੂੰ ਪੰਚਾਇਤੀ ਜ਼ਮੀਨ ਦੀ ਬੋਲੀ ’ਚ ਹਿੱਸਾ ਲੈਣ ਲਈ ਯੋਗ ਬਣਾਇਆ ਗਿਆ ਹੈ। ਪੰਚਾਇਤ ਨੂੰ ਕਿਹਾ ਗਿਆ ਕਿ ਜ਼ਮੀਨ ’ਚ ਟਿਊਬਵੈੱਲ ਲਈ ਬਿਜਲੀ ਕੁਨੈਕਸ਼ਨ ਲਗਵਾਉਣ ਲਈ ਕਾਰਵਾਈ ਅਮਲ ’ਚ ਲਿਆਂਦੀ ਜਾਵੇ।