ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 24 ਜੂਨ
ਸ਼੍ਰੋਮਣੀ ਅਕਾਲੀ ਦਲ ‘ਸੰਯੁਕਤ’ ਦੀ ਸੀਨੀਅਰ ਲੀਡਰਸ਼ਿਪ ਨੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਚੱਲ ਰਹੇ ਟਾਵਰ ਸੰਘਰਸ਼ ਦੀ ਹਮਾਇਤ ਕਰਦਿਆਂ ਪੰਜਾਬ ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਤੁਰੰਤ ਮੰਨਣ ’ਤੇ ਜ਼ੋਰ ਦਿੱਤਾ ਹੈ। ਇਸ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਰਣਧੀਰ ਸਿੰਘ ਰੱਖੜਾ ਤੇ ਕਸ਼ਮੀਰ ਸਿੰਘ ਮਵੀ ਮੌਜੂਦ ਸਨ ਜਿਨ੍ਹਾਂ ਵੱਲੋਂ ਟਾਵਰ ਸੰਘਰਸ਼ੀ ਸੁਰਿੰਦਰਪਾਲ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਉਸ ਨੂੰ ਯੋਗਤਾ ਮੁਤਾਬਕ ਚੰਗੀ ਪ੍ਰਾਈਵੇਟ ਨੌਕਰੀ ਦੀ ਪੇਸ਼ਕਸ਼ ਵੀ ਕੀਤੀ।ਸ੍ਰੀ ਢੀਂਡਸਾ ਨੇ ਡਾਢਾ ਗਿਲਾ ਕੀਤਾ ਕਿ ਟਾਵਰ ਸੰਘਰਸ਼ੀ ਨੂੰ ਟਾਵਰ ’ਤੇ ਚੜ੍ਹਿਆਂ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਤੇ ਹੁਣ ਆਖ਼ਿਰ ਮਰਨ ਵਰਤ ਵੀ ਆਰੰਭ ਚੁੱਕਾ ਹੈ, ਪਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਉਸ ਦੀ ਸਾਰ ਲੈਣ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸੁਰਿੰਦਰਪਾਲ ਨੂੰ ਪ੍ਰਾਈਵੇਟ ਨੌਕਰੀ ’ਤੇ ਰਖਵਾਉਣ ਦਾ ਵਾਅਦਾ ਕੀਤਾ ਹੈ ਤੇ ਜੇਕਰ ਟਾਵਰ ਸੰਘਰਸ਼ੀ ਨੇ ਇਸ ਬਾਰੇ ਸੋਚਿਆ ਤਾਂ ਅਕਾਲੀ ਦਲ ‘ਸੰਯੁਕਤ’ ਇਸ ਸੰਘਰਸ਼ੀ ਲਈ ਹਰ ਮਦਦ ਲਈ ਤਿਆਰ ਹੈ।
ਦੂਜੇ ਪਾਸੇ ਟਾਵਰ ਸੰਘਰਸ਼ੀ ਅੱਜ ਵੀ ਨਾਸਾਜ਼ ਸਿਹਤ ਦੇ ਬਾਵਜੂਦ ਉਹ ਸੰਘਰਸ਼ ’ਤੇ ਕਾਇਮ ਰਿਹਾ। ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ ਨੇ ਆਖਿਆ ਕਿ ਸਰਕਾਰ ਨਾਲ ਹਰ ਗੇੜ ਦੀ ਦੁਵੱਲੀ ਗੱਲਬਾਤ ਬੇਸਿੱਟਾ ਰਹਿਣ ਕਾਰਨ ਬੇਰੁਜ਼ਗਾਰ ਅਧਿਆਪਕਾਂ ਵਿੱਚ ਸਰਕਾਰ ਖ਼ਿਲਾਫ਼ ਰੋਸ ਦੀ ਲਹਿਰ ਵਧ ਰਹੀ ਹੈ।