ਖੇਤਰੀ ਪ੍ਰਤੀਨਿਧ
ਪਟਿਆਲਾ, 21 ਫਰਵਰੀ
ਵੀਹ ਫਰਵਰੀ ਨੂੰ ਵਿਧਾਨ ਸਭਾ ਲਈ ਪਈਆਂ ਵੋਟਾਂ ਸਬੰਧੀ ਅੱਜ ਮੁਕੰਮਲ ਰੂਪ ’ਚ ਇਕੱਤਰ ਕੀਤੇ ਗਏ ਵੇਰਵਿਆਂ ਮੁਤਾਬਿਕ ਪਟਿਆਲਾ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ’ਚ 73.11 ਫੀਸਦੀ ਪੋਲਿੰਗ ਹੋਈ ਜਿਸ ਦੌਰਾਨ ਔਰਤਾਂ ਨੇ ਵੀ ਵਧ ਚੜ੍ਹ ਕੇ ਵੋਟਾਂ ਪਾਈਆਂ ਕਿਉਂਕਿ ਪੁਰਸ਼ਾਂ ਦੇ 74 ਪ੍ਰਤੀਸ਼ਤ ਪੋਲਿੰਗ ਦੇ ਮੁਕਾਬਲੇ ਇਸ ਜ਼ਿਲ੍ਹੇ ’ਚ ਔਰਤਾਂ ਵੱਲੋਂ ਪਾਈਆਂ ਗਈਆਂ ਵੋਟਾਂ ਦਾ ਅੰਕੜਾ 72 ਪ੍ਰਤੀਸ਼ਤ ਰਿਹਾ।
ਹਲਕਾ ਵਾਰ ਗੱਲ ਕਰੀਏ ਤਾਂ ਸਭ ਤੋਂ ਵੱਧ 79.04 ਫ਼ੀਸਦੀ ਘਨੌਰ ਅਤੇ ਸਭ ਤੋਂ ਘੱਟ 63.58 ਫ਼ੀਸਦੀ ਪਟਿਆਲਾ ਸ਼ਹਿਰੀ ਹਲਕੇ ਦੀ ਪੋਲਿੰਗ ਹੋਈ। ਹਲਕਾ ਘਨੌਰ ਵਿੱਚ 79.04 ਫ਼ੀਸਦੀ, ਨਾਭਾ (ਐਸ.ਸੀ.) ਵਿੱਚ 77.05 ਫ਼ੀਸਦੀ, ਪਟਿਆਲਾ ਦਿਹਾਤੀ ਹਲਕੇ ਵਿਚ 65.12 ਫ਼ੀਸਦੀ, ਹਲਕਾ ਰਾਜਪੁਰਾ ਵਿੱਚ 74.82 ਫ਼ੀਸਦੀ, ਹਲਕਾ ਸਨੌਰ ਵਿੱਚ 73.82 ਫ਼ੀਸਦੀ ਅਤੇ ਪਟਿਆਲਾ (ਸ਼ਹਿਰੀ) ਹਲਕੇ ’ਚ ਸਭ ਤੋਂ ਘੱਟ 63.58 ਫ਼ੀਸਦੀ ਪੋਲਿੰਗ ਹੋਈ। ਇੰਜ ਹੀ ਸਮਾਣਾ ਹਲਕੇ ਵਿੱਚ 76.82 ਫ਼ੀਸਦੀ ਤੇ ਹਲਕਾ ਸ਼ੁਤਰਾਣਾ ਹਲਕੇ ਵਿੱਚ 75.60 ਫ਼ੀਸਦੀ ਮਤਦਾਨ ਹੋਇਆ।