ਗੁਰਨਾਮ ਸਿੰਘ ਅਕੀਦਾ
ਪਟਿਆਲਾ, 11 ਜਨਵਰੀ
ਪਟਿਆਲਾ ਸ਼ਹਿਰੀ ਵਿਚ ਆਮ ਆਦਮੀ ਪਾਰਟੀ ਇਸ ਵਾਰ ‘ਸ਼ਹਿਰੀ ਸਿੱਖਾਂ’ ਦੀ ਗਿਣਤੀ ਨੂੰ ਧਿਆਨ ਵਿੱਚ ਰੱਖ ਕੇ ਉਮੀਦਵਾਰ ਦੀ ਭਾਲ ਕਰ ਰਹੀ ਹੈ, ਜਿਸ ਤਹਿਤ ਇਕ ਵੱਡੇ ਅਕਾਲੀ ਲੀਡਰ ਦੀ ਚਰਚਾ ਵੀ ਚੱਲ ਰਹੀ ਹੈ। ਅਕਾਲੀ ਲੀਡਰ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦਾਅਵਾ ਕੀਤਾ ਕਿ ਸ਼ਹਿਰੀ ਸਿੱਖਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਕਿਨਾਰੇ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਵਿੱਚ ਕਰੀਬ 24 ਹਜ਼ਾਰ ਵੋਟ ਸ਼ਹਿਰੀ ਸਿੱਖਾਂ ਦੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਹੀ ਟਿਕਟ ਹਿੰਦੂ ਪਰਿਵਾਰ ਵਿੱਚੋਂ ਹਰਪਾਲ ਜੁਨੇਜਾ ਨੂੰ ਦਿੱਤੀ ਜਾ ਚੁੱਕੀ ਹੈ, ਸ੍ਰੀ ਜੁਨੇਜਾ ਦਾਅਵਾ ਕਰਦੇ ਹਨ ਕਿ ਪਟਿਆਲਾ ਵਿੱਚ ਐੱਸਸੀ ਵੋਟ ਸਮੇਤ 65 ਫ਼ੀਸਦੀ ਤੋਂ ਵੱਧ ਹਿੰਦੂ ਵੋਟ ਹੈ। ਸ਼ਹਿਰੀ ਸਿੱਖਾਂ ਵਿੱਚੋਂ ਸੁਰਜੀਤ ਸਿੰਘ ਕੋਹਲੀ ਕਹਿੰਦੇ ਹਨ ਕਿ ਸ਼ਹਿਰੀ ਸਿੱਖਾਂ ਦੀ ਵੋਟ ਪਟਿਆਲਾ ਵਿੱਚ ਕਾਫ਼ੀ ਹੈ, ਪਰ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਹੀ ਵਫ਼ਾਦਾਰ ਹਾਂ। ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਪਟਿਆਲਾ ਵਿੱਚ ਉਮੀਦਵਾਰ ਦੀ ਭਾਲ ਜਾਰੀ ਹੈ, ਪਰ ਅਸੀਂ ਪਟਿਆਲਾ ਵਿੱਚ ਸ਼ਹਿਰੀ ਸਿੱਖਾਂ ਦੀ 24 ਹਜ਼ਾਰ ਵੋਟ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ।