ਪਟਿਆਲਾ ਦੀਆਂ 21 ਵਪਾਰਕ ਇਮਾਰਤਾਂ ਸੀਲ : The Tribune India

ਪਟਿਆਲਾ ਦੀਆਂ 21 ਵਪਾਰਕ ਇਮਾਰਤਾਂ ਸੀਲ

ਪਟਿਆਲਾ ਦੀਆਂ 21 ਵਪਾਰਕ ਇਮਾਰਤਾਂ ਸੀਲ

ਛੁੱਟੀ ਵਾਲੇ ਦਿਨ ਇਮਾਰਤਾਂ ਨੂੰ ਸੀਲ ਕਰਦੇ ਹੋਏ ਨਗਰ ਨਿਗਮ ਦੇ ਕਰਮਚਾਰੀ।

ਸਰਬਜੀਤ ਸਿੰਘ ਭੰਗੂ

ਪਟਿਆਲਾ, 6 ਅਗਸਤ

ਸ਼ਨਿਚਰਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ (ਆਈ.ਏ.ਐਸ.) ਨੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਫੀਲਡ ਵਿੱਚ ਉਤਾਰਿਆ। ਬਿਲਡਿੰਗ ਇੰਸਪੈਕਟਰਾਂ ਵੱਲੋਂ 21 ਬਿਲਡਿੰਗਾਂ ਨੂੰ ਸੀਲ ਕਰ ਦਿੱਤਾ ਗਿਆ। ਨਾਲ ਹੀ ਪਹਿਲਾਂ ਤੋਂ ਸੀਲ ਤਿੰਨ ਕਾਰੋਬਾਰੀ ਇਮਾਰਤਾਂ ਵਿੱਚ ਚੱਲ ਰਹੇ ਨਿਰਮਾਣ ’ਤੇ ਸਖਤ ਫੈਸਲਾ ਲੈਂਦਿਆਂ ਫੌਜਦਾਰੀ ਮੁਕੱਦਮਾ ਦਰਜ ਕਰਨ ਦੇ ਹੁਕਮ ਦਿੱਤੇ ਗਏ। ਤਿੰਨ ਕਾਰੋਬਾਰੀ ਇਮਾਰਤਾਂ ਨੂੰ ਢਾਹੁਣ ਦੇ ਹੁਕਮ ਨਿਗਮ ਕਮਿਸ਼ਨਰ ਵਜੋਂ ਜਾਰੀ ਕਰ ਦਿੱਤੇ ਗਏ।

ਨਗਰ ਨਿਗਮ ਕਮਿਸ਼ਨਰ ਆਦਿਤਿਆ ਉੱਪਲ ਨੇ ਕਿਹਾ ਕਿ ਜ਼ਿਆਦਾਤਰ ਲੋਕ ਛੁੱਟੀ ਵਾਲੇ ਦਿਨ ਗੁਪਤ ਤਰੀਕੇ ਨਾਲ ਉਸਾਰੀ ਦੇ ਕੰਮ ਦੀ ਰਫ਼ਤਾਰ ਨੂੰ ਵਧਾ ਦਿੰਦੇ ਹਨ, ਜਿਸ ਕਾਰਨ ਸ਼ਨਿਚਰਵਾਰ ਨੂੰ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਦੀ ਪ੍ਰਧਾਨਗੀ ਹੇਠ ਬਿਲਡਿੰਗ ਇੰਸਪੈਕਟਰਾਂ ਨੂੰ ਫੀਲਡ ਵਿੱਚ ਉਤਾਰਿਆ ਗਿਆ। ਸੰਯੁਕਤ ਕਮਿਸ਼ਨਰ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਬਣੀਆਂ ਇਮਾਰਤਾਂ ਦੀ ਸੂਚੀ ਦੇ ਅਧਾਰ ’ਤੇ ਬਿਲਡਿੰਗ ਬ੍ਰਾਂਚ ਨੇ ਦੇਰ ਸ਼ਾਮ ਤੱਕ 21 ਕਮਰਸ਼ੀਅਲ ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ। ਲੋਅਰ ਮਾਲ ਰੋਡ, ਨਗਰ ਨਿਗਮ ਦਫ਼ਤਰ ਦੇ ਸਾਹਮਣੇ, ਸਨੌਰੀ ਅੱਡਾ, ਘਲੌੜੀ ਗੇਟ, ਤੇਜਬਾਗ ਕਲੋਨੀ, ਇਨਕਮ ਟੈਕਸ ਰੋਡ, ਭੁਪਿੰਦਰਾ ਰੋਡ, ਕੋਲੰਬੀਆ ਏਸ਼ੀਆ ਦੇ ਪਿਛੇ 95 ਫੁੱਟ ਰੋਡ, ਝੀਲ ਰੋਡ, ਤ੍ਰਿਪੜੀ ਟਾਊਨ, ਤ੍ਰਿਪੜੀ ਟਾਊਨ ਦੀ ਮੜ੍ਹੀਆਂ ਰੋਡ ਨੇੜੇ ਵਪਾਰਕ ਇਮਾਰਤਾਂ ਸ਼ਾਮਲ ਹਨ। ਤ੍ਰਿਪੜੀ ਟਾਊਨ ਦੀਆਂ ਦੋ ਦੁਕਾਨਾਂ ਅਤੇ ਆਬਕਾਰੀ ਦਫ਼ਤਰ ਨੇੜੇ ਸਥਿਤ ਇੱਕ ਸ਼ੋਅਰੂਮ ਦੇ ਮਾਲਕ ਖ਼ਿਲਾਫ਼ ਸੀਲ ਕੀਤੀ ਇਮਾਰਤ ਵਿੱਚ ਉਸਾਰੀ ਦਾ ਕੰਮ ਕਰਵਾਉਣ ਦੇ ਦੋਸ਼ ਹੇਠ ਫ਼ੌਜਦਾਰੀ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਨਿਗਮ ਕਮਿਸ਼ਨਰ ਨੇ ਤਿੰਨ ਵਪਾਰਕ ਇਮਾਰਤਾਂ ਨੂੰ ਢਾਹੁਣ ਦੇ ਹੁਕਮ ਦਿੱਤੇ ਹਨ। ਕਮਿਸ਼ਨਰ ਨੇ ਕਿਹਾ ਕਿ ਜੋ ਵੀ ਵਿਅਕਤੀ ਕਿਸੇ ਵੀ ਰੂਪ ਵਿੱਚ ਬਿਲਡਿੰਗ ਬਾਈਲਾਜ਼ ਦੀ ਉਲੰਘਣਾ ਕਰੇਗਾ, ਉਸ ਨੂੰ ਨਿਰਧਾਰਤ ਨਿਯਮਾਂ ਤਹਿਤ ਸਜ਼ਾ ਭੁਗਤਣ ਲਈ ਤਿਆਰ ਰਹਿਣਾ ਪਵੇਗਾ ਜਿਸ ਕਿਸੇ ਨੇ ਵੀ ਘਰੇਲੂ ਜਾਂ ਵਪਾਰਕ ਇਮਾਰਤ ਦੀ ਉਸਾਰੀ ਕਰਨੀ ਹੈ, ਉਸ ਨੂੰ ਨਿਯਮਾਂ ਅਨੁਸਾਰ ਨਿਗਮ ਤੋਂ ਆਪਣਾ ਨਕਸ਼ਾ ਪਾਸ ਕਰਵਾ ਕੇ ਹੀ ਉਸਾਰੀ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਨਕਸ਼ਾ ਅਪਲਾਈ ਕਰਨ ਤੋਂ ਬਾਅਦ ਕੋਈ ਵੀ ਵਿਅਕਤੀ ਉਸਾਰੀ ਦਾ ਕੰਮ ਸ਼ੁਰੂ ਕਰਨ ਦੀ ਗਲਤੀ ਨਾ ਕਰੇ। ਜੋ ਵੀ ਮਕਾਨ ਦਾ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਬਿਲਡਿੰਗ ਬਣਾ ਕੇ ਨਿਗਮ ਨੂੰ ਮਾਲੀ ਨੁਕਸਾਨ ਪਹੁੰਚਾਏਗਾ, ਉਸ ਵਿਰੁੱਧ ਫੌਜਦਾਰੀ ਕੇਸ ਦਰਜ ਕੀਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All