ਲਖਨਊ, 10 ਅਗਸਤ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅੱਜ ਤਿੰਨ ਜ਼ਿਲ੍ਹਿਆਂ ਵਿੱਚ 35 ਅਪਗਰੇਡ ਏਐੱਨਐੱਮ ਸਿਖਲਾਈ ਕੇਂਦਰਾਂ ਅਤੇ ਡਾਇਲਸਿਸ ਕੇਂਦਰਾਂ ਦਾ ਵਰਚੁਅਲੀ ਉਦਘਟਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਿਖਲਾਈ ਪ੍ਰਾਪਤ ਕਰਮਚਾਰੀ ਸੂਬੇ ਵਿੱਚ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹਨ। ਇਸ ਦੌਰਾਨ ਉਨ੍ਹਾਂ ਨੇ ਸੂਬੇ ਦੇ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਮੂੰਹ ਦੇ ਕੈਂਸਰ ਸਬੰਧੀ ਮੈਗਾ ਜਾਂਚ ਮੁਹਿੰਮ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ।
ਇੱਕ ਅਧਿਕਾਰਿਤ ਬਿਆਨ ਵਿੱਚ ਮੁੱਖ ਮੰਤਰੀ ਯੋਗੀ ਦੇ ਹਵਾਲੇ ਨਾਲ ਕਿਹਾ ਗਿਆ, ‘‘ਕਰੋਨਾ ਮਹਾਮਾਰੀ ਦੌਰਾਨ ਅਸੀਂ ਘਰ ਘਰ ਜਾ ਕੇ ਵੱਡੇ ਪੱਧਰ ’ਤੇ ਜਾਂਚ ਮੁਹਿੰਮ ਚਲਾਈ। ਜੇਕਰ ਉਦੋਂ ਸਾਡੇ ਕੋਲ ਸਿਹਤ ਮਾਹਿਰ ਨਾ ਹੁੰਦੇ ਤਾਂ ਅਸੀਂ ਸੂਬੇ ਵਿੱਚ ਬਹੁਤ ਸਾਰੀਆਂ ਜ਼ਿੰਦਗੀਆਂ ਨਾ ਬਚਾਅ ਪਾਉਂਦੇ।’’ ਉਨ੍ਹਾਂ ਕਿਹਾ, ‘‘ਏਐੱਨਐੱਮ, ਜੀਐੱਨਐੱਮ ਜਾਂ ਨਰਸਿੰਗ ਟਰੇਨੀ ਸਮੇਤ ਹਰੇਕ ਸਿਖਲਾਈ ਪ੍ਰਾਪਤ ਕਰਮਚਾਰੀ ਕਿਸੇ ਵੀ ਸੂਬੇ ਦੀਆਂ ਸਿਹਤ ਸੇਵਾਵਾਂ ਦੀ ਰੀੜ੍ਹ ਦੀ ਹੱਡੀ ਹੈ। ਉਨ੍ਹਾਂ ਕਾਰਨ ਅਸੀਂ ਉਤਰ ਪ੍ਰਦੇਸ਼ ਦੇ ਹਰੇਕ ਆਮ ਵਿਅਕਤੀ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਸਮਰੱਥ ਹੋਵਾਂਗੇ।’’ ਉਧਰ, ਮੁੱਖ ਮੰਤਰੀ ਯੋਗੀ ਨੇ ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ, ਰਾਮ ਨਾਥ ਕੋਵਿੰਦ ਅਤੇ ਮਨੋਨੀਤ ਉਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ। -ਪੀਟੀਆਈ