ਨਵੀਂ ਦਿੱਲੀ, 12 ਅਕਤੂਬਰ
ਹਾਥਰਸ ਕੇਸ ਨੂੰ ਲੈ ਕੇ ਯੂਪੀ ਦੀ ਯੋਗੀ ਸਰਕਾਰ ’ਤੇ ਹਮਲੇ ਤੇਜ਼ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਅਨੈਤਿਕ ਤੇ ਅਸੰਵੇਦਨਸ਼ੀਲ ਰਹੀ ਹੈ। ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਅਸਲ ਦੋਸ਼ੀਆਂ ਨੂੰ ਜੇਲ੍ਹ ਵਿੱਚ ਡੱਕਣ ਦੀ ਥਾਂ ਪੀੜਤ ਪਰਿਵਾਰ ਸਿਰ ਦੋਸ਼ ਮੜਨ ਦੇ ਰਾਹ ਪਈ ਹੋਈ ਹੈ। ਰਾਹੁਲ ਨੇ ਕਿਹਾ, ‘ਹਾਥਰਸ ਘਟਨਾ ਵਿੱਚ ਸਰਕਾਰ ਦਾ ਰਵੱਈਆ ਅਣਮਨੁੱਖੀ ਤੇ ਅਨੈਤਿਕ ਹੈ। ਉਹ ਪੀੜਤ ਪਰਿਵਾਰ ਦੀ ਮਦਦ ਕਰਨ ਦੀ ਥਾਂ ਅਪਰਾਧੀਆ ਨੂੰ ਸੁਰੱਖਿਆ ਦੇਣ ਵਿੱਚ ਲੱਗੀ ਹੋਈ ਹੈ।’ ਰਾਹੁਲ ਨੇ ਹਿੰਦੀ ’ਚ ਕੀਤੇ ਟਵੀਟ ’ਚ ਕਿਹਾ, ‘ਆਓ ਬਦਲਾਅ ਲਈ ਇਕ ਕਦਮ ਅੱਗੇ ਨੂੰ ਪੁੱਟੀਏ, ਆਓ ਦੇਸ਼ ਭਰ ਵਿੱਚ ਔਰਤਾਂ ਖਿਲਾਫ਼ ਹੋ ਰਹੇ ਇਸ ਅਨਿਆਂ ਲਈ ਆਵਾਜ਼ ਚੁੱਕੀਏ।’ ਉਧਰ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮਹਿਲਾਵਾਂ ਖਿਲਾਫ਼ ਅਪਰਾਧਾਂ ’ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ ਤੇ ਸੱਚ ਨੂੰ ਸੁਣਨ ਦੀ ਥਾਂ ਪੀੜਤ ਮਹਿਲਾ ਦੀ ਆਵਾਜ਼ ਨੂੰ ਦਬਾਉਣ ਦੀਆਂ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੀੜਤ ਪਰਿਵਾਰ ਖ਼ਿਲਾਫ਼ ਹੀ ਦੋਸ਼ ਲਾ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹੈ, ਜੋ ਕਿ ਸਭ ਤੋਂ ਸ਼ਰਮਨਾਕ ਤੇ ਬੁਜ਼ਦਿਲਾਨਾ ਗੱਲ ਹੈ। -ਪੀਟੀਆਈ