ਲਖਨਊ, 11 ਜੁਲਾਈ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਦੋੋਸ਼ ਲਾਇਆ ਕਿ ਉੱਤਰ ਪ੍ਰਦੇਸ਼ ਸਰਕਾਰ ਕੋਵਿਡ-19 ਕਰਕੇ ਹੋਈਆਂ ਮੌਤਾਂ ਦੇ ਅੰਕੜੇ ਨੂੰ ਲੁਕਾ ਰਹੀ ਹੈ। ਯਾਦਵ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਅਸਲ ਅੰਕੜੇ ਦੇਣ ਤੋਂ ਇਨਕਾਰੀ ਹੈ ਕਿਉਂਕਿ ਉਹ ਲੋਕਾਂ ਦੀ ਮਦਦ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਅਸੈਂਬਲੀ ਚੋਣਾਂ ਮਗਰੋਂ ਸੂਬੇ ’ਚ ਸਮਾਜਵਾਦੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਕੋਵਿਡ-19 ਪ੍ਰਬੰਧਨ ਦਾ ਆਡਿਟ ਕਰਵਾ ਕੇ ਮੌਤਾਂ ਸਬੰਧੀ ਕਥਿਤ ਅੰਕੜੇ ਲੁਕਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਪਾ ਮੁਖੀ ਨੇ ਪੰਚਾਇਤ ਚੋਣਾਂ ਦੀ ਡਿਊਟੀ ’ਤੇ ਤਾਇਨਾਤ ਅਧਿਆਪਕਾਂ ਦੀ ਮੌਤ ਦੇ ਮੁੱਦੇ ਨੂੰ ਵੀ ਉਭਾਰਿਆ।
ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਸੂਬੇ ’ਚ ਅਸੈਂਬਲੀ ਚੋਣਾਂ ਮਗਰੋਂ ਸਪਾ ਸਰਕਾਰ ਬਣਨ ’ਤੇ ਕੋਵਿਡ-19 ਪ੍ਰਬੰਧਨ ਦਾ ਆਡਿਟ ਕਰਵਾਇਆ ਜਾਵੇਗਾ ਅਤੇ ਸੂਚਨਾ (ਅੰਕੜੇ) ਲੁਕਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਯਾਦਵ ਨੇ ਕਿਹਾ, ‘‘ਆਪਣੀਆਂ ਹੱਦਾਂ ਉਲੰਘਣ ਵਾਲੇ ਅਧਿਕਾਰੀਆਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਕਰੋਨਾ ਮਹਾਮਾਰੀ ਦੌਰਾਨ ਇਕ ਵਾਰ ਤਾਂ ਇੰਜ ਲੱਗਿਆ ਸੀ ਕਿ ਯੂਪੀ ਵਿੱਚ ਸਰਕਾਰ ਹੀ ਨਹੀਂ ਹੈ। ਲੋਕਾਂ ਨੂੰ ਉਨ੍ਹਾਂ ਦੀ ਕਿਸਮਤ ’ਤੇ ਛੱਡ ਦਿੱਤਾ ਗਿਆ ਸੀ।’ ਯਾਦਵ ਨੇ ਕਿਹਾ ਕਿ ਮਹਾਮਾਰੀ ਦੌਰਾਨ ਯੂਪੀ ’ਚ ਇੰਨਾ ਮਾੜਾ ਹਾਲ ਸੀ ਕਿ ਕਰੋਨਾ ਪੀੜਤ ਮਰੀਜ਼ਾਂ ਨੂੰ ਦਵਾਈ ਬੂਟੀ ਦਾ ਜੁਗਾੜ ਵੀ ਖੁ਼ਦ ਕਰਨਾ ਪੈ ਰਿਹਾ ਸੀ। ਦਵਾਈਆਂ ਦੀ ਕਾਲਾਬਾਜ਼ਾਰੀ ਹੋਈ, ਲੋਕਾਂ ਨੂੰ ਹਸਪਤਾਲਾਂ ’ਚ ਬੈੱਡ ਨਹੀਂ ਮਿਲੇ ਤੇ ਉਨ੍ਹਾਂ ਨੂੰ ਆਕਸੀਜਨ ਲਈ ਥਾਂ ਥਾਂ ਠੋਕਰਾਂ ਖਾਣੀਆਂ ਪਈਆਂ। ਕਰੋਨਾ ਕਰਕੇ ਹੋਈਆਂ ਮੌਤਾਂ ਲਈ ਜੇ ਕੋਈ ਜ਼ਿੰਮੇਵਾਰ ਹੈ ਤਾਂ ਉਹ ਭਾਜਪਾ ਸਰਕਾਰ ਹੈ।
ਯਾਦਵ ਨੇ ਇਸ ਮੌਕੇ ਪੰਚਾਇਤ ਚੋਣਾਂ ਦੌਰਾਨ ਡਿਊਟੀ ’ਤੇ ਤਾਇਨਾਤ ਅਧਿਆਪਕਾਂ ਦੀ ਮੌਤ ਦੇ ਮੁੱਦੇ ਨੂੰ ਵੀ ਉਭਾਰਿਆ। ਉਨ੍ਹਾਂ ਕਿਹਾ ਕਿ ਸ਼ੁਰੂਆਤ ’ਚ ਸੂਬਾ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਤਿੰਨ ਅਧਿਆਪਕਾਂ ਦੀ ਕਰੋਨਾ ਕਰਕੇ ਮੌਤ ਹੋਈ ਹੈ, ਪਰ ਮਗਰੋਂ ਵੱਖ ਵੱਖ ਜੱਥੇਬੰਦੀਆਂ ਤੇ ਸਪਾ ਵੱਲੋਂ ਪਾਏ ਦਬਾਅ ਕਰਕੇ ਯੋਗੀ ਸਰਕਾਰ ਨੇ ਕਈ ਮੌਤਾਂ ਹੋਣ ਦੀ ਗੱਲ ਕਬੂਲੀ। ਚੇਤੇ ਰਹੇ ਕਿ ਅਧਿਆਪਕਾਂ ਨਾਲ ਸਬੰਧਤ ਜਥੇਬੰਦੀ ਨੇ ਦਾਅਵਾ ਕੀਤਾ ਸੀ ਕਿ ਅਪਰੈਲ ਦੇ ਪਹਿਲੇ ਹਫ਼ਤੇ ਦੌਰਾਨ ਯੂਪੀ ਵਿੱਚ 1600 ਅਧਿਆਪਕਾਂ ਦੀ ਜਾਨ ਜਾਂਦੀ ਰਹੀ ਸੀ ਤੇ ਇਨ੍ਹਾਂ ਵਿੱਚੋਂ 90 ਫੀਸਦ ਪੰਚਾਇਤ ਚੋਣਾਂ ਦੀ ਡਿਊਟੀ ’ਤੇ ਤਾਇਨਾਤ ਸਨ। -ਪੀਟੀਆਈ