ਲਖਨਊ, 26 ਸਤੰਬਰ
ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਐਤਵਾਰ ਨੂੰ ਭਾਜਪਾ ’ਤੇ ਨੌਵੀਂ ਸਦੀ ਦੇ ਸ਼ਾਸਕ ਮਿਹਿਰ ਭੋਜ ਦੀ ਜਾਤ ‘ਬਦਲਣ’ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਫਿਰਕੇ ਦੀਆਂ ਵੋਟਾਂ ਲੈਣ ਲਈ ਇਤਿਹਾਸਕ ਤੱਥਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਇਹ ਬਿਆਨ ਗੌਤਮ ਬੁੱਧ ਨਗਰ ਦੇ ਦਾਦਰੀ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਸ਼ਾਸਕ ਦੇ ਪੰਦਰਾਂ ਫੁੱਟ ਦੇ ਬੁੱਤ ਤੋਂ ਪਰਦਾ ਹਟਾਉਣ ਤੋਂ ਬਾਅਦ ਆਇਆ ਹੈ। ਇਸ ਦੌਰਾਨ ਗੁਰਜਰ ਅਤੇ ਰਾਜਪੂਤ ਭਾਈਚਾਰੇ ਦੇ ਕੁਝ ਹਿੱਸੇ ਵੱਲੋਂ ਰਾਜੇ ਦੀ ਵਿਰਾਸਤ ਉੱਤੇ ਦਾਅਵਾ ਕਰਨ ਤੋਂ ਵਿਵਾਦ ਖੜ੍ਹਾ ਹੋ ਗਿਆ ਸੀ। ਯਾਦਵ ਨੇ ਹਿੰਦੀ ਵਿੱਚ ਟਵੀਟ ਕਰਦਿਆਂ ਕਿਹਾ,‘ਇਤਿਹਾਸ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਰਾਜਾ ਮਿਹਿਰ ਭੋਜ ਇੱਕ ਗੁਰਜਰ-ਪ੍ਰਤੀਹਾਰ ਸੀ ਪਰ ਭਾਜਪਾ ਦੇ ਲੋਕਾਂ ਨੇ ਉਸ ਦੀ ਜਾਤ ਬਦਲ ਦਿੱਤੀ ਹੈ।’ ਉਨ੍ਹਾਂ ਕਿਹਾ,‘ਇਹ ਨਿੰਦਣਯੋਗ ਹੈ। ਭਾਜਪਾ ਮਿੱਥ ਕੇ ਇਤਿਹਾਸਕ ਤੱਥਾਂ ਨਾਲ ਛੇੜਛਾੜ ਕਰ ਰਹੀ ਹੈ ਅਤੇ ਸਮਾਜ ਨੂੰ ਵੰਡ ਕੇ ਇਕ ਖਾਸ ਫਿਰਕੇ ਦੀਆਂ ਵੋਟਾਂ ਸੁਰੱਖਿਅਤ ਕਰਨਾ ਚਾਹੁੰਦੀ ਹੈ।’ -ਪੀਟੀਆਈ