ਨਵੀਂ ਦਿੱਲੀ: ਸਵਰਾਜ ਇੰਡੀਆ ਦੇ ਸੰਸਥਾਪਕ ਯੋਗੇਂਦਰ ਯਾਦਵ ਨੂੰ ਗੁਰੂਗ੍ਰਾਮ ਦੇ ਪਿੰਡ ਰਾਠੀਵਾਸ ’ਚ ਇਹਤਿਆਤ ਵਜੋਂ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਨੂੰ ਕੌਮੀ ਸ਼ਾਹਰਾਹ-48 ਤੋਂ ਕੁਝ ਕਿਸਾਨਾਂ ਨਾਲ ਹਿਰਾਸਤ ਵਿੱਚ ਲਿਆ ਗਿਆ ਜੋ ‘ਦਿੱਲੀ ਚੱਲੋ’ ਮੁਹਿੰਮ ਤਹਿਤ ਕੌਮੀ ਰਾਜਧਾਨੀ ਵੱਲ ਕੂਚ ਕਰ ਰਹੇ ਸਨ। ਸ੍ਰੀ ਯਾਦਵ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਆਵਾਜ਼ ਦੇਸ਼ ਦੀ ਕੌਮੀ ਰਾਜਧਾਨੀ ਵਿੱਚ ਬੁਲੰਦ ਕਰਨ ਤੋਂ ਜਬਰੀ ਰੋਕਿਆ ਜਾ ਰਿਹਾ ਹੈ ਜੋ ਉਨ੍ਹਾਂ ਦਾ ਜਮਹੂਰੀ ਹੱਕ ਹੈ। ਉਨ੍ਹਾਂ ਕਿਹਾ ਕਿ ਅੱਜ ਸੰਵਿਧਾਨ ਦਿਵਸ ਮੌਕੇ ਸਰਕਾਰ ਨੇ ਲੋਕਤੰਤਰੀ ਰਵਾਇਤਾਂ ਦਾ ਗਲਾ ਘੁੱਟ ਦਿੱਤਾ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪੂਰੇ ਦੇਸ਼ ਦਾ ਕਿਸਾਨ ਉਨ੍ਹਾਂ ਨਾਲ ਖੜ੍ਹਾ ਹੈ।
ਮੇਧਾ ਪਾਟੇਕਰ ਤੇ ਹੋਰ ਕਈ ਆਗੂ ਹਿਰਾਸਤ ’ਚ ਲਏ
ਸਰਬ ਭਾਰਤ ਕਿਸਾਨ ਸੰਘਰਸ਼ ਕਮੇਟੀ ਨੇ ਦੱਸਿਆ ਕਿ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਵੀ ਕਿਸਾਨਾਂ ਦੇ ਕੌਮੀ ਰਾਜਧਾਨੀ ਵੱਲ ਕੂਚ ਕਰਨ ਦੇ ਪ੍ਰੋਗਰਾਮ ਨੂੰ ਜਦੋਂ ਪੁਲੀਸ ਨੇ ਵੱਖ-ਵੱਖ ਥਾਵਾਂ ’ਤੇ ਰੋਕਿਆ ਤਾਂ ਕਿਸਾਨਾਂ ਨੇ ਧਰਨੇ ਸ਼ੁਰੂ ਕਰ ਦਿੱਤੇ। ਕਮੇਟੀ ਦੇ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਸ਼ਾਮ ਤੱਕ 50 ਹਜ਼ਾਰ ਤੋਂ ਵੱਧ ਕਿਸਾਨ ਦਿੱਲੀ ਦੀ ਸਰਹੱਦ ਦੇ ਚਾਰੇ ਪਾਸੇ ਪਹੁੰਚ ਗਏ ਸਨ। ਉਨ੍ਹਾਂ ਦੱਸਿਆ ਕਿ 2 ਹਜ਼ਾਰ ਕਿਸਾਨਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਰਾਮਪੁਰ ਨੇੜੇ ਬਿਲਾਸਪੁਰ ਮੋੜ ’ਤੇ ਰੋਕ ਦਿੱਤਾ ਹੈ। ਆਗਰੇ ਨੇੜੇ ਮੇਧਾ ਪਾਟੇਕਰ, ਕਿਸ਼ਨਾ ਪ੍ਰਸਾਦ, ਅਤੇ ਪ੍ਰਤਿਭਾ ਸ਼ਿੰਦੇ ਦੀ ਅਗਵਾਈ ਵਾਲੇ ਕਾਫਲੇ ਨੂੰ ਰੋਕ ਕੇ ਇਨ੍ਹਾਂ ਆਗੂਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਉੜੀਸਾ, ਕਰਨਾਟਕ, ਮਹਾਰਾਸ਼ਟਰ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਤੋਂ ਵੀ ਕਿਸਾਨ ਅੰਦੋਲਨ ਨੂੰ ਹਮਾਇਤ ਮਿਲੀ ਹੈ।