ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 15 ਮਾਰਚ
ਸਾਬਕਾ ਪ੍ਰਧਾਨ ਮੰਤਰੀ ਮਰਹੂਮ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ’ਚ ਮੰਤਰੀ ਰਹੇ ਯਸ਼ਵੰਤ ਸਿਨਹਾ ਨੂੰ ਤ੍ਰਿਣਮੂਲ ਕਾਂਗਰਸ ਵਿੱਚ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਸਿਨਹਾ ਨੂੰ ਫੈਸਲੇ ਲੈਣ ਵਾਲੇ ਪਾਰਟੀ ਦੇ ਸਿਖਰਲੇ ਸੰਗਠਨ ‘ਕੌਮੀ ਵਰਕਿੰਗ ਕਮੇਟੀ’ ਦਾ ਮੈਂਬਰ ਵੀ ਥਾਪਿਆ ਗਿਆ ਹੈ। ਪਾਰਟੀ ਦੇ ਜਨਰਲ ਸਕੱਤਰ ਸੁਬ੍ਰਤਾ ਬਖ਼ਸ਼ੀ ਨੇ ਅੱਜ ਇਸ ਸਬੰਧੀ ਰਸਮੀ ਹੁਕਮ ਜਾਰੀ ਕਰ ਦਿੱਤੇ ਹਨ। ਸ਼ਨਿੱਚਰਵਾਰ ਨੂੰ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਏ ਸਿਨਹਾ ਅਸੈਂਬਲੀ ਚੋਣਾਂ ਵਿੱਚ ਪਾਰਟੀ ਲਈ ਪ੍ਰਚਾਰ ਵੀ ਕਰਨਗੇ। ਸਿਨਹਾ ਨੇ ਲੰਘੇ ਦਿਨੀਂ ਕਿਹਾ ਸੀ ਕਿ ਉਹ ਪੱਛਮੀ ਬੰਗਾਲ ਚੋਣਾਂ ਵਿੱਚ ਮਮਤਾ ਬੈਨਰਜੀ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਹੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਕਿਉਂਕਿ ਇਨ੍ਹਾਂ ਚੋਣ ਨਤੀਜਿਆਂ ਦੇ ਕੌਮੀ ਪੱਧਰ ’ਤੇ ਸਿੱਟੇ ਨਿਕਲਣਗੇ। ਵਾਜਪਾਈ ਸਰਕਾਰ ’ਚ ਵਿੱਤ ਮੰਤਰੀ ਰਹੇ ਸਿਨਹਾ ਸਾਲ 2018 ਵਿੱਚ ਭਾਜਪਾ ਤੋਂ ਵੱਖ ਹੋ ਗਏ ਸਨ ਤੇ ਉਦੋਂ ਤੋਂ ਹੀ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਨਿਸ਼ਾਨੇ ’ਤੇ ਹਨ। ਸਿਨਹਾ ਵਾਰ ਵਾਰ ਇਹ ਗੱਲ ਆਖਦੇ ਰਹੇ ਹਨ ਕਿ ਭਾਜਪਾ ਦੀ ਰਹਿਨੁਮਾਈ ’ਚ ਜਮਹੂਰੀਅਤ ਖ਼ਤਰੇ ਵਿੱਚ ਹੈ। ਉਂਜ ਸਿਨਹਾ ਦੇ ਪੁੱਤਰ ਜੈਯੰਤ ਸਿਨਹਾ ਝਾਰਖੰਡ ਦੀ ਹਜ਼ਾਰੀਬਾਗ਼ ਸੰਸਦੀ ਸੀਟ ਤੋਂ ਲੋਕ ਸਭਾ ਮੈਂਬਰ ਹਨ।