ਨਵੀਂ ਦਿੱਲੀ, 2 ਮਾਰਚ
ਭਾਰਤ ਵਿੱਚ ਰੂਸ ਦੇ ਨਾਮਜ਼ਦ ਰਾਜਦੂਤ ਡੈਨਿਸ ਅਲੀਪੋਵ ਨੇ ਅੱਜ ਕਿਹਾ ਕਿ ਉਹ ਯੂਕਰੇਨ ਦੇ ਖਾਰਕੀਵ, ਸੂਮੀ ਤੇ ਜੰਗ ਦੀ ਮਾਰ ਹੇਠ ਆਏ ਹੋਰਨਾਂ ਇਲਾਕਿਆਂ ’ਚੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਰੂਸੀ ਇਲਾਕੇ ਤੱਕ ਸੁਰੱਖਿਅਤ ਲਾਂਘਾ ਦੇਣ ਲਈ ‘ਗਲਿਆਰਾ’ ਬਣਾਉਣ ਲਈ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ ਤੇ ਆਸ ਹੈ ਕਿ ਇਹ ਯੋਜਨਾ ਛੇਤੀ ਅਮਲ ਵਿੱਚ ਆ ਜਾਵੇਗੀ। ਅਲੀਪੋਵ ਨੇ ਕਿਹਾ ਕਿ ਰੂਸ ਖਾਰਕੀਵ ਸ਼ਹਿਰ ਵਿੱਚ ਗੋਲਾਬਾਰੀ ਦੌਰਾਨ ਮਾਰੇ ਗਏ ਭਾਰਤੀ ਮੈਡੀਕਲ ਵਿਦਿਆਰਥੀ ਨਾਲ ਜੁੜੇ ਮਾਮਲੇ ਦੀ ਜਾਂਚ ਵੀ ਕਰੇਗਾ।
ਇਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਅਲੀਪੋਵ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਭਾਰਤੀਆਂ ਨੂੰ ਯੂਕਰੇਨ ਦੇ ਟਕਰਾਅ ਵਾਲੇ ਖੇਤਰਾਂ ’ਚੋਂ ਰੂਸੀ ਇਲਾਕੇ ਤੱਕ ਸੁਰੱਖਿਅਤ ਲਾਂਘਾ ਮੁਹੱਈਆ ਕਰਵਾਉਣ ਦੇ ਢੰਗ ਤਰੀਕੇ ’ਤੇ ਕੰਮ ਕਰ ਰਿਹਾ ਹੈ। ਇਕ ਸਵਾਲ ਦੇ ਜਵਾਬ ਵਿੱਚ ਰੂਸੀ ਸਫ਼ੀਰ ਨੇ ਕਿਹਾ ਕਿ ਯੂਕਰੇਨ ਸੰਕਟ ਮਗਰੋਂ ਪੱਛਮੀ ਮੁਲਕਾਂ ਵੱਲੋਂ ਰੂਸ ’ਤੇ ਲਾਈਆਂ ਪਾਬੰਦੀਆਂ ਭਾਰਤ ਨੂੰ ਐੱਸ-400 ਮਿਜ਼ਾਈਲਾਂ ਦੀ ਸਪਲਾਈ ਕਰਨ ਦੇ ਅਮਲ ਵਿੱਚ ‘ਅੜਿੱਕਾ’ ਨਹੀਂ ਬਣਨਗੀਆਂ। ਉਨ੍ਹਾਂ ਕਿਹਾ ਕਿ ਭਾਰਤ ਵੱਲੋਂ ‘ਨਿਰਪੱਖ’ ਰਹਿਣ ਦਾ ਲਿਆ ਸਟੈਂਡ ਯੂਕਰੇਨ ਦੇ ਹਾਲਾਤ ਦੀ ਸਮੀਖਿਆ ’ਤੇ ਅਧਾਰਿਤ ਹੈ। ਹਥਿਆਰਾਂ ਲਈ ਰੂਸ ’ਤੇ ਟੇਕ ਦਾ ਇਸ ਨਾਲ ਕੋਈ ਲਾਗਾ-ਦੇਗਾ ਨਹੀਂ। ਅਲੀਪੋਵ ਨੇ ਕਿਹਾ, ‘‘ਅਸੀਂ ਯੂਐੱਨ ਵਿੱਚ ਆਪੋ ਆਪਣੀ ਪੁਜ਼ੀਸ਼ਨ ਨੂੰ ਲੈ ਕੇ ਨਾ ਤਾਂ ਇਕ ਦੂਜੇ ਨਾਲ ਕੋਈ ਤਾਲਮੇਲ ਕੀਤਾ ਤੇ ਨਾ ਹੀ ਭਾਰਤ ਨਾਲ ਯੂਕਰੇਨ ਖਿਲਾਫ਼ ਆਪਣੀ ਰਸਾਈ ਬਾਰੇ ਕੋਈ ਗੱਲ ਕੀਤੀ।’’ ਰੂਸੀ ਸਫ਼ੀਰ ਨੇ ਕਿਹਾ, ‘‘ਅਸੀਂ ਭਾਰਤ ਨੂੰ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਬਾਰੇ ਅਪਡੇਟ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ।’’
ਇਸ ਦੌਰਾਨ ਅਲੀਪੋਵ ਨੇ ਕਿਹਾ ਕਿ ਰੂਸ ਖਾਰਕੀਵ ਸ਼ਹਿਰ ਵਿੱਚ ਗੋਲਾਬਾਰੀ ਦੌਰਾਨ ਮਾਰੇ ਗਏ ਭਾਰਤੀ ਮੈਡੀਕਲ ਵਿਦਿਆਰਥੀ ਨਾਲ ਜੁੜੇ ਮਾਮਲੇ ਦੀ ਜਾਂਚ ਕਰੇਗਾ। ਖਾਰਕੀਵ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਚੌਥੇ ਸਾਲ ਦੇ ਮੈਡੀਕਲ ਵਿਦਿਆਰਥੀ ਨਵੀਨ ਸ਼ੇਖਰੱਪਾ ਗਿਆਨਗੌਦਰ ਦੀ ਮੰਗਲਵਾਰ ਨੂੰ ਗੋਲਾਬਾਰੀ ਦੀ ਜ਼ੱਦ ਵਿੱਚ ਆ ਕੇ ਮੌਤ ਹੋ ਗਈ ਸੀ। ਇਸ ਘਟਨਾ ਮਗਰੋਂ ਭਾਰਤ ਨੇ ਰੂਸ ਤੇ ਯੂਕਰੇਨ ਦੇ ਰਾਜਦੂਤਾਂ ਨੂੰ ਖਾਰਕੀਵ ਤੇ ਟਕਰਾਅ ਵਾਲੇ ਹੋਰਨਾਂ ਖੇਤਰਾਂ ਵਿੱਚ ਫਸੇ ਭਾਰਤੀ ਨਾਗਰਿਕਾਂ ਲਈ ‘ਸੁਰੱਖਿਅਤ ਲਾਂਘਾ’ ਯਕੀਨੀ ਬਣਾਉਣ ਦੀ ਮੰਗ ਕੀਤੀ ਸੀ। ਐਲੀਪੋਵ ਨੇ ਕਿਹਾ, ‘‘ਮੈਂ ਇਸ ਦੁਖਾਂਤ ਲਈ ਪੂਰੇ ਭਾਰਤ ਅਤੇ ਨਵੀਨ ਸ਼ੇਖਰੱਪਾ ਗਿਆਨਗੌਦਰ ਦੇ ਪਰਿਵਾਰ ਨਾਲ ਸੰਵੇਦਨਾ ਜ਼ਾਹਿਰ ਕਰਨਾ ਚਾਹੁੰਦਾ ਹਾਂ। ਰੂਸ ਟਕਰਾਅ ਵਾਲੇ ਖੇਤਰਾਂ ’ਚੋਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਉਪਰਾਲਾ ਕਰੇਗਾ…ਇਸ ਮੰਦਭਾਗੀ ਘਟਨਾ ਦੀ ਮੁਕੰਮਲ ਜਾਂਚ ਕਰਵਾਈ ਜਾਵੇਗੀ।’’ -ਪੀਟੀਆਈ