ਗੁਰਦੀਪ ਸਿੰਘ ਭੱਟੀ
ਟੋਹਾਣਾ, 2 ਸਤੰਬਰ
ਦਿੱਲੀ-ਜਾਖਲ ਯਾਤਰੀ ਰੇਲ ਗੱਡੀ ਵਿੱਚ ਲੁੱਟ ਦਾ ਵਿਰੋਧ ਕਰਨ ’ਤੇ ਲੁਟੇਰੇ ਨੇ 30 ਸਾਲਾ ਔਰਤ ਨੂੰ ਚੱਲਦੀ ਰੇਲ ਗੱਡੀ ਵਿੱਚੋਂ ਬਾਹਰ ਸੁੱਟ ਦਿੱਤਾ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਮਨਦੀਪ ਕੌਰ ਆਪਣੇ ਨੌਂ ਸਾਲਾ ਪੁੱਤਰ ਏਕਨੂਰ ਨਾਲ ਰੇਲ ਵਿੱਚ ਸਫ਼ਰ ਕਰ ਰਹੀ ਸੀ। ਇਹ ਘਟਨਾ ਵੀਰਵਾਰ ਦੇਰ ਰਾਤ ਨੂੰ ਨਰਵਾਣਾ ਤੇ ਟੋਹਾਣਾ ਰੇਲਵੇ ਸਟੇਸ਼ਨਾਂ ਤੋਂ ਲਗਪਗ ਦਸ ਕਿਲੋਮੀਟਰ ਦੂਰ ਧਮਤਾਨ ਸਾਹਿਬ ਨੇੜੇ ਵਾਪਰੀ। ਘਟਨਾ ਦਾ ਪਤਾ ਉਸ ਸਮੇਂ ਪਤਾ ਚੱਲਿਆ ਜਦੋਂ ਏਕਨੂਰ ਨੇ ਟੋਹਾਣਾ ਸਟੇਸ਼ਨ ’ਤੇ ਉਨ੍ਹਾਂ ਦੀ ਉਡੀਕ ਕਰ ਰਹੇ ਪਿਤਾ ਹਰਜਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਤੇ ਪੁੱਤਰ ਕਰੈਂਥੀ ਸਟੇਸ਼ਨ ਤੋਂ ਰੇਲ ਗੱਡੀ ਵਿੱਚ ਸਵਾਰ ਹੋਏ ਸਨ। ਧਮਤਾਨ ਸਾਹਿਬ ਕੋਲ ਪੁੱਜਕੇ ਮਨਦੀਪ ਨੇ ਟੈਲੀਫੋਨ ’ਤੇ ਉਸ ਨੂੰ ਟੋਹਾਣਾ ਸਟੇਸ਼ਨ ’ਤੇ ਪੁੱਜਣ ਲਈ ਕਿਹਾ ਸੀ। ਰੇਲ ਦੇ ਇਸ ਡੱਬੇ ਵਿੱਚ ਉਨ੍ਹਾਂ ਨਾਲ ਲੁਟੇਰਾ ਵੀ ਸਵਾਰ ਸੀ। ਔਰਤ ਨੂੰ ਧੱਕਾ ਦੇਣ ਮਗਰੋਂ ਲੁਟੇਰੇ ਨੇ ਵੀ ਚੱਲਦੀ ਰੇਲ ਗੱਡੀ ਵਿੱਚੋਂ ਛਾਲ ਮਾਰ ਦਿੱਤੀ। ਉਸ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਐੱਸਪੀ ਆਸਥਾ ਮੋਦੀ ਨੇ ਕਿਹਾ ਕਿ ਲੁਟੇਰੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।