ਕੋਲਕਾਤਾ, 3 ਦਸੰਬਰ
ਕਾਂਗਰਸ ਦੇ ਲੋਕ ਸਭਾ ਮੈਂਬਰ ਅਧੀਰ ਰੰਜਨ ਚੌਧਰੀ ਨੇ ਅੱਜ ਸਪੀਕਰ ਓਮ ਬਿਰਲਾ ਨੂੰ ਕਿਸਾਨ ਅੰਦੋਲਨ ਅਤੇ ਕੋਵਿਡ-19 ਵੈਕਸੀਨ ਦੀ ਤਿਆਰੀ ਸਣੇ ਅਨੇਕਾਂ ਹੋਰ ਮੁੱਦਿਆਂ ’ਤੇ ਚਰਚਾ ਲਈ ਸਰਦ ਦਾ ਸੰਖੇਪ ਸੈਸ਼ਨ ਬੁਲਾਉਣ ਦੀ ਅਪੀਲ ਕੀਤੀ। ਸ੍ਰੀ ਚੌਧਰੀ, ਜੋ ਪੱਛਮੀ ਬੰਗਾਲ ਕਾਂਗਰਸ ਦੇ ਮੁਖੀ ਵੀ ਹਨ, ਨੇ ਓਮ ਬਿਰਲਾ ਨੂੰ ਪੱਤਰ ’ਚ ਲਿਖਿਆ ਕਿ ਲੋਕਾਂ ਦੀ ਮਦਦ ਲਈ ਮੌਜੂਦਾ ਸਮੇਂ ਮੁਲਕ ਨੂੰ ਦਰਪੇਸ਼ ਅਹਿਮ ਮੁੱਦਿਆਂ ’ਤੇ ਚਰਚਾ ਵਾਸਤੇ ਕਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਸੰਸਦ ਦਾ ਸੈਸ਼ਨ ਬੁਲਾਇਆ ਜਾਵੇ। ਉਨ੍ਹਾਂ ਲਿਖਿਆ, ‘ਮੌਜੂਦਾ ਸਮੇਂ ਕਈ ਅਹਿਮ ਮੁੱਦੇ ਹਨ, ਮੁਲਕ ਜਿਨ੍ਹਾਂ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਵਿੱਚ ਕਿਸਾਨਾਂ ਦਾ ਚੱਲ ਰਿਹਾ ਅੰਦੋਲਨ ਅਤੇ ਕੋਵਿਡ-19 ਵੈਕਸੀਨ ਦੀ ਸਥਿਤੀ/ਤਿਆਰੀ ਸਭ ਤੋਂ ਅਹਿਮ ਹਨ।’ ਸ੍ਰੀ ਚੌਧਰੀ ਨੇ ਆਰਥਿਕ ਮੰਦੀ, ਬੇਰੁਜ਼ਗਾਰੀ, ਭਾਰਤ-ਚੀਨ ਸਰਹੱਦ ਵਿਵਾਦ ਅਤੇ ਭਾਰਤ-ਪਾਕਿਸਤਾਨ ਸਰਹੱਦ ’ਤੇ ਗੋਲੀਬੰਦੀ ਉਲੰਘਣਾ ਜਿਹੇ ਮੁੱਦਿਆਂ ਦਾ ਹਵਾਲਾ ਦਿੰਦਿਆਂ ਕਿਹਾ, ‘ਉਕਤ ਸਾਰੇ ਹੀ ਮੁੱਦਿਆਂ ’ਤੇ ਤਫ਼ਸੀਲ ਵਿੱਚ ਅਤੇ ਪਾਰਦਰਸ਼ੀ ਬਹਿਸ/ਚਰਚਾ ਦੀ ਲੋੜ ਹੈ।’
-ਪੀਟੀਆਈ