ਰਾਏਪੁਰ, 13 ਦਸੰਬਰ
ਛੱਤੀਸਗੜ੍ਹ ਵਿਧਾਨ ਸਭਾ ਦਾ ਸਰਦ-ਰੁੱਤ ਸੈਸ਼ਨ ਅੱਜ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਚੀਫ਼ ਆਫ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ 11 ਹੋਰ ਫ਼ੌਜੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿਨ੍ਹਾਂ ਦੀ ਪਿਛਲੇ ਹਫ਼ਤੇ ਤਾਮਿਲ ਨਾਡੂ ਵਿੱਚ ਹੋਏ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਸਦਨ ਨੇ ਪਿਛਲੇ ਕੁੱਝ ਮਹੀਨਿਆਂ ਦੌਰਾਨ ਫੌਤ ਹੋਏ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਦੇ ਵਿਧਾਇਕ ਦੇਵਵਰਤ ਸਿੰਘ, ਸਾਬਕਾ ਲੋਕ ਸਭਾ ਮੈਂਬਰ ਗੋਂਦਿਲ ਪ੍ਰਸਾਦ ਅਨੁਰਾਗੀ, ਸੂਬੇ ਦੇ ਸਾਬਕਾ ਮੰਤਰੀ ਰਾਜਿੰਦਰਪਾਲ ਸਿੰਘ ਭਾਟੀਆ, ਸਾਬਕਾ ਵਿਧਾਇਕ ਯੁੱਧਵੀਰ ਸਿੰਘ ਜੁਦੇਵ, ਅਣਵੰਡੇ ਸੂਬੇ ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਮੂਲਚੰਦ ਖੰਡੇਲਵਾਲ ਅਤੇ ਸਾਬਕਾ ਵਿਧਾਇਕ ਮਨੂਰਾਮ ਕੱਛ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਰਧਾਂਜਲੀ ਦੇਣ ਮਗਰੋਂ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ। ਸੂਬਾ ਵਿਧਾਨ ਸਭਾ ਦਾ ਪੰਜ ਰੋਜ਼ਾ ਸਰਦ-ਰੁੱਤ ਇਜਲਾਸ ਕਰੋਨਾ ਨਿਯਮਾਂ ਦੇ ਉਪਾਵਾਂ ਨਾਲ ਕੀਤਾ ਜਾ ਰਿਹਾ ਹੈ। ਜਿਉਂ ਹੀ ਅੱਜ ਸਦਨ ਦੀ ਕਾਰਵਾਈ ਸ਼ੁਰੂ ਹੋਈ ਸਪੀਕਰ ਚਰਨ ਦਾਸ ਮਹੰਤ ਨੇ ਛੇ ਆਗੂਆਂ, ਜਨਰਲ ਰਾਵਤ ਅਤੇ ਹੋਰਾਂ ਦੇ ਦੇਹਾਂਤ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਭੁਪੇਸ਼ ਬਘੇਲ, ਵਿਰੋਧੀ ਧਿਰ ਦੇ ਨੇਤਾ ਧਰਮਲਾਲ ਕੌਸ਼ਿਕ, ਜੇਸੀਸੀ (ਜੇ) ਵਿਧਾਇਕ ਰੇਣੂ ਜੋਗੀ, ਬਸਪਾ ਵਿਧਾਇਕ ਕੇਸ਼ਵ ਚੰਦਰਾ ਅਤੇ ਹੋਰ ਮੈਂਬਰਾਂ ਨੇ ਇਨ੍ਹਾਂ ਆਗੂਆਂ ਦੇ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਸਿਜਦਾ ਕੀਤਾ। -ਪੀਟੀਆਈ