ਨਵੀਂ ਦਿੱਲੀ, 25 ਜੂਨ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਰਕਾਰ ਨੂੰ ਸਵਾਲ ਕੀਤਾ ਕਿ ਕਰੋਨਾ ਦੀ ਡੈਲਟਾ ਪਲੱਸ ਕਿਸਮ ਨੂੰ ਫੈਲਣ ਤੋਂ ਰੋਕਣ ਲਈ ਵੱਡੇ ਪੱਧਰ ’ਤੇ ਟੈਸਟਿੰਗ ਕਿਉਂ ਨਹੀਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਪੁੱਛਿਆ ਹੈ ਕਿ ਡੈਲਟਾ ਪਲੱਸ ਖ਼ਿਲਾਫ਼ ਵੈਕਸੀਨਾਂ ਕਿੰਨੀਆਂ ਕੁ ਅਸਰਦਾਰ ਹਨ। ਕਈ ਮਾਹਿਰਾਂ ਦਾ ਮੰਨਣਾ ਹੈ ਕਿ ਡੈਲਟਾ ਪਲੱਸ ਕਿਸਮ ਦੇਸ਼ ’ਚ ਕੋਵਿਡ-19 ਦੀ ਤੀਜੀ ਲਹਿਰ ਦਾ ਕਾਰਨ ਬਣ ਸਕਦੀ ਹੈ। ਹਿੰਦੀ ’ਚ ਕੀਤੇ ਗਏ ਟਵੀਟ ’ਚ ਰਾਹੁਲ ਨੇ ਕਿਹਾ,‘‘ਡੈਲਟਾ ਪਲੱਸ ਕਿਸਮ ਬਾਰੇ ਮੋਦੀ ਸਰਕਾਰ ਨੂੰ ਸਵਾਲ: ਇਸ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਟੈਸਟਿੰਗ ਕਿਉਂ ਨਹੀਂ ਕੀਤੀ ਜਾ ਰਹੀ ਹੈ? ਡੈਲਟਾ ਖ਼ਿਲਾਫ਼ ਵੈਕਸੀਨਾਂ ਕਿੰਨੀਆਂ ਕੁ ਅਸਰਦਾਰ ਹਨ ਅਤੇ ਇਸ ਬਾਰੇ ਮੁਕੰਮਲ ਜਾਣਕਾਰੀ ਕਦੋਂ ਉਪਲੱਬਧ ਹੋਵੇਗੀ? ਵਾਇਰਸ ਦੀ ਤੀਜੀ ਲਹਿਰ ਦੌਰਾਨ ਇਸ ਨੂੰ ਕਾਬੂ ਕਰਨ ਦੀ ਕੀ ਯੋਜਨਾ ਹੈ?’’ -ਪੀਟੀਆਈ