ਨਵੀਂ ਦਿੱਲੀ, 15 ਅਪਰੈਲ
ਥੋਕ ਕੀਮਤ ਆਧਾਰਿਤ ਮਹਿੰਗਾਈ ਦਰ (ਡਬਲਿਊਪੀਆਈ) ਮਾਰਚ ’ਚ 8 ਸਾਲ ਦੇ ਸਭ ਤੋਂ ਉੱਚੇ ਪੱਧਰ 7.39 ਫ਼ੀਸਦ ’ਤੇ ਪਹੁੰਚ ਗਈ ਹੈ। ਕੱਚੇ ਤੇਲ ਅਤੇ ਧਾਤਾਂ ਦੀਆਂ ਕੀਮਤਾਂ ’ਚ ਵਾਧੇ ਕਾਰਨ ਮਹਿੰਗਾਈ ਦਰ ਅਸਮਾਨੀਂ ਚੜ੍ਹੀ ਹੈ। ਪਿਛਲੇ ਸਾਲ ਦੇਸ਼ ’ਚ ਲੌਕਡਾਊਨ ਕਰਕੇ ਮਾਰਚ ’ਚ ਮਹਿੰਗਾਈ ਦਰ 0.42 ਫ਼ੀਸਦ ਹੀ ਰਿਕਾਰਡ ਕੀਤੀ ਗਈ ਸੀ। ਫਰਵਰੀ ’ਚ ਥੋਕ ਆਧਾਰਿਤ ਮਹਿੰਗਾਈ ਦਰ 4.17 ਫ਼ੀਸਦ ਸੀ। ਵਣਜ ਅਤੇ ਸਨਅਤ ਮੰਤਰਾਲੇ ਨੇ ਕਿਹਾ ਕਿ ਅਕਤੂਬਰ 2012 ’ਚ ਮਹਿੰਗਾਈ ਦਰ 7.4 ਫ਼ੀਸਦ ਦਰਜ ਹੋਈ ਸੀ। ਖੁਰਾਕੀ ਵਸਤਾਂ ਦੀ ਮਹਿੰਗਾਈ ਦਰ ਮਾਰਚ ’ਚ 3.24 ਫ਼ੀਸਦ ਰਹੀ ਕਿਉਂਕਿ ਦਾਲਾਂ, ਫਲਾਂ ਅਤੇ ਝੋਨੇ ਦੀਆਂ ਕੀਮਤਾਂ ’ਚ ਵਾਧਾ ਦਰਜ ਹੋਇਆ। ਮਾਰਚ ’ਚ ਦਾਲਾਂ ਦੀ ਮਹਿੰਗਾਈ ਦਰ 13.14 ਫ਼ੀਸਦ, ਫਲਾਂ ਦੀ 16.33 ਫ਼ੀਸਦ ਅਤੇ ਝੋਨੇ ਦੀ 1.38 ਫ਼ੀਸਦ ਦਰਜ ਹੋਈ ਸੀ। ਸਬਜ਼ੀਆਂ ਦੀ ਕੀਮਤ ਨਰਮ ਰਹੀ। ਮੰਤਰਾਲੇ ਨੇ ਡਬਲਿਊਪੀਆਈ ਦੇ ਅੰਕੜੇ ਜਾਰੀ ਕਰਦਿਆਂ ਕਿਹਾ ਕਿ ਕੱਚੇ ਤੇਲ, ਪੈਟਰੋਲੀਅਮ ਉਤਪਾਦਾਂ ਅਤੇ ਧਾਤਾਂ ਦੀਆਂ ਕੀਮਤਾਂ ’ਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਾਰਚ ਮਹੀਨੇ ਦੌਰਾਨ ਵਾਧਾ ਦਰਜ ਹੋਇਆ। ਇਕਰਾ ਦੀ ਮੁੱਖ ਆਰਥਿਕ ਮਾਹਿਰ ਅਦਿੱਤੀ ਨਾਇਰ ਨੇ ਕਿਹਾ ਕਿ ਧਾਤਾਂ, ਟੈਕਸਟਾਈਲ, ਰਸਾਇਣਾਂ, ਰਬੜ ਆਦਿ ਦੀਆਂ ਕੀਮਤਾਂ ਵਿਸ਼ਵ ਪੱਧਰ ’ਤੇ ਵਧਣ ਕਰਕੇ ਮਹਿੰਗਾਈ ਦਰ ’ਤੇ ਅਸਰ ਪਿਆ ਹੈ। ਇੰਡੀਆ ਰੇਟਿੰਗਜ਼ ਐਂਡ ਰਿਸਰਚ ਦੇ ਮੁੱਖ ਆਰਥਿਕ ਮਾਹਿਰ ਦੇਵੇਂਦਰ ਕੁਮਾਰ ਪੰਤ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਅਰਥਚਾਰੇ ਨੂੰ ਵਿੱਤੀ ਮਦਦ ਦੀ ਲੋੜ ਹੈ। ਇਸ ਹਫ਼ਤੇ ਦੇ ਸ਼ੁਰੂ ’ਚ ਜਾਰੀ ਕੀਤੇ ਗਏ ਪਰਚੂਨ ਮਹਿੰਗਾਈ ਦਰ ਦੇ ਅੰਕੜਿਆਂ ਮੁਤਾਬਕ ਮਾਰਚ ’ਚ ਪਰਚੂਨ ਮਹਿੰਗਾਈ ਦਰ ਵਧ ਕੇ 5.52 ਫ਼ੀਸਦ ’ਤੇ ਪਹੁੰਚ ਗਈ ਹੈ। -ਪੀਟੀਆਈ