ਨਵੀਂ ਦਿੱਲੀ, 29 ਜੁਲਾਈ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਗੁਜਰਾਤ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਲੋਕਾਂ ਦੀ ਮੌਤ ਹੋਣ ’ਤੇ ਦੁੱਖ ਪ੍ਰਗਟ ਕਰਦਿਆਂ ਸਵਾਲ ਕੀਤਾ ਕਿ ਰਾਜ ’ਚ ਕਿਹੜੀਆਂ ਸੱਤਾਧਾਰੀ ਤਾਕਤਾਂ ਹਨ ਜੋ ਸ਼ਰਾਬ ਮਾਫੀਆ ਨੂੰ ਪਨਾਹ ਦੇ ਰਹੀਆਂ ਹਨ। ਉਨ੍ਹਾਂ ਟਵੀਟ ਕੀਤਾ, ‘ਡਰਾਈ ਸਟੇਟ ਗੁਜਰਾਤ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਕਈ ਘਰ ਉੱਜੜ ਗਏ। ਉੱਥੇ ਲਗਾਤਾਰ ਅਰਬਾਂ ਰੁਪਏ ਦੇ ਨਸ਼ੀਲੇ ਪਦਾਰਥ ਵੀ ਬਰਾਮਦ ਹੋ ਰਹੇ ਹਨ। ਇਹ ਬਹੁਤ ਹੀ ਚਿੰਤਾ ਦੀ ਗੱਲ ਹੈ। ਬਾਪੂ ਤੇ ਸਰਦਾਰ ਪਟੇਲ ਦੀ ਧਰਤੀ ’ਤੇ ਇਹ ਕੌਣ ਲੋਕ ਹਨ ਜੋ ਧੜੱਲੇ ਨਾਲ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ? ਇਸ ਮਾਫੀਆ ਨੂੰ ਕਿਹੜੀਆਂ ਸੱਤਾਧਾਰੀ ਤਾਕਤਾਂ ਪਨਾਹ ਦੇ ਰਹੀਆਂ ਹਨ?’ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸਵਾਲ ਕੀਤਾ, ‘ਗੁਜਰਾਤ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 45 ਲੋਕਾਂ ਦੀ ਹੋਈ ਮੌਤ ਲਈ ਜ਼ਿੰਮੇਵਾਰ ਕੌਣ ਹੈ? ਬਾਹਰੋਂ ਸ਼ਰਾਬਬੰਦੀ ਦਾ ਲੇਬਲ ਲਗਾ ਕੇ, ਨਾਜਾਇਜ਼ ਕਾਰੋਬਾਰ ਨੂੰ ਸੁਰੱਖਿਆ ਸਰਕਾਰ ਦੇ ਕਿਹੜੇ ਲੋਕ ਦੇ ਰਹੇ ਹਨ? ਬਾਬੂ ਦੀ ਧਰਤੀ ਇਨ੍ਹਾਂ ਸਵਾਲਾਂ ਦੇ ਜਵਾਬ ਚਾਹੁੰਦੀ ਹੈ।’ ਕਾਂਗਰਸ ਦੇ ਮੀਡੀਆ ਤੇ ਪ੍ਰਚਾਰ ਮੁਖੀ ਪਵਨ ਖੇੜਾ ਨੇ ਕਿਹਾ ਕਿ ਗੁਜਰਾਤ ’ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 45 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜਾਂਚ ਹਾਈ ਕੋਰਟ ਦੇ ਕਿਸੇ ਮੌਜੂਦਾ ਜੱਜ ਤੋਂ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਪੀੜਤ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਕਾਂਗਰਸ ਦੇ ਰਾਜ ਸਭਾ ਮੈਂਬਰ ਅਮੀ ਯਾਜਨਿਕ ਨੇ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ ’ਤੇ ਜਵਾਬ ਦੇਣ ਅਤੇ ਆਪਣੇ ਗੁਜਰਾਤ ਦੌਰੇ ਦੌਰਾਨ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰਨ ਦੀ ਅਪੀਲ ਕੀਤੀ। -ਪੀਟੀਆਈ