ਕੋਲਕਾਤਾ, 5 ਅਕਤੂਬਰ
ਪੱਛਮੀ ਬੰਗਾਲ ’ਚ ਵਿਜੈ ਦਸ਼ਮੀ ਮੌਕੇ ਮੂਰਤੀਆਂ ਦੇ ਜਲ ਪ੍ਰਵਾਹ ਨਾਲ ਪੰਜ ਰੋਜ਼ਾ ਦੁਰਗਾ ਪੂਜਾ ਤਿਉਹਾਰ ਦਾ ਸਮਾਪਨ ਹੋ ਗਿਆ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਮੌਕੇ ਸਾਰਿਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਲੋਕਾਂ ਨੂੰ ਵਿਜੈ ਦਸ਼ਮੀ ਦੀ ਵਧਾਈ ਦਿੰਦਿਆਂ ਕਿਹਾ,‘‘ਅੱਜ ਜਦੋਂ ਅਸੀਂ ਮਾਂ ਦੁਰਗਾ ਨੂੰ ਭਾਵੁਕ ਵਿਦਾਇਗੀ ਦੇ ਰਹੇ ਹਾਂ ਤਾਂ ਸਾਨੂੰ ਬਦੀ ’ਤੇ ਨੇਕੀ ਦੀ ਜਿੱਤ ਦੀ ਮਹੱਤਤਾ ਨੂੰ ਚੇਤੇ ਰੱਖਣਾ ਚਾਹੀਦਾ ਹੈ। ਇਹ ਦਿਵਸ ਸਾਨੂੰ ਸੱਚ ਨਾਲ ਲੜਨ ਦੀ ਪ੍ਰੇਰਣਾ ਦੇਵੇ। ਮੈਂ ਪ੍ਰਾਰਥਨਾ ਕਰਦੀ ਹਾਂ ਕਿ ਮਾਂ ਦੁਰਗਾ ਸਾਨੂੰ ਸਾਰਿਆਂ ਨੂੰ ਬਲ ਅਤੇ ਹੌਸਲਾ ਬਖ਼ਸ਼ਦੀ ਰਹੇ।’’ ਕੋਲਕਾਤਾ ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਾਰੇ ਘਾਟਾਂ ’ਤੇ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਮੂਰਤੀਆਂ ਦਾ ਵਿਸਰਜਨ ਸ਼ਾਂਤਮਈ ਢੰਗ ਨਾਲ ਕੀਤਾ ਜਾ ਸਕੇ। ਅਧਿਕਾਰੀ ਨੇ ਕਿਹਾ ਕਿ ਸ਼ਾਮ ਪੰਜ ਵਜੇ ਤੱਕ 420 ਤੋਂ ਜ਼ਿਆਦਾ ਕਲੱਬਾਂ ਅਤੇ ਘਰਾਂ ਨੇ ਸ਼ਹਿਰ ਦੇ ਦਰਿਆਈ ਘਾਟਾਂ ਅਤੇ ਹੋਰ ਥਾਵਾਂ ’ਤੇ ਦੇਵੀ ਦੀਆਂ ਮੂਰਤੀਆਂ ਜਲ ਪ੍ਰਵਾਹ ਕਰ ਦਿੱਤੀਆਂ ਸਨ। ਬਾਬੂਘਾਟ ’ਤੇ ਲੋਕ ਸਵੇਰ ਤੋਂ ਹੀ ਲਾਈਨਾਂ ’ਚ ਖੜ੍ਹੇ ਹੋਏ ਸਨ ਤਾਂ ਜੋ ਮੂਰਤੀਆਂ ਜਲ ਪ੍ਰਵਾਹ ਕੀਤੀਆਂ ਜਾ ਸਕਣ। ਅਧਿਕਾਰੀ ਨੇ ਕਿਹਾ ਕਿ ਮੂਰਤੀਆਂ ਨੂੰ ਦੇਰ ਰਾਤ ਤੱਕ ਜਲ ਪ੍ਰਵਾਹ ਕੀਤਾ ਜਾਵੇਗਾ। ਕਰੀਬ ਇਕ ਹਜ਼ਾਰ ਪੁਲੀਸ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ ਸੀ। ਹੁਗਲੀ ਦਰਿਆ ’ਤੇ 16 ਘਾਟ ਤਿਆਰ ਕੀਤੇ ਗਏ ਸਨ। ਦਿਨ ਸਮੇਂ ਮਹਿਲਾਵਾਂ ਨੇ ਰਵਾਇਤੀ ‘ਸਿੰਧੂਰ ਖੇਲਾ’ ’ਚ ਹਿੱਸਾ ਲਿਆ ਅਤੇ ਉਨ੍ਹਾਂ ਇਕ ਦੂਜੇ ਨੂੰ ਮਠਿਆਈਆਂ ਵੀ ਵੰਡੀਆਂ। ਇਸ ਮੌਕੇ ਉਨ੍ਹਾਂ ਦੇਵੀ ਦੀ ਪੂਜਾ ਵੀ ਕੀਤੀ। -ਪੀਟੀਆਈ
ਦੇਵੀ ਦੁਰਗਾ ਦੀ ਮੂਰਤੀ ਜਲ ਪ੍ਰਵਾਹ ਕਰਨ ਮੌਕੇ ਛੇ ਡੁੱਬੇ
ਜੈਪੁਰ: ਰਾਜਸਥਾਨ ਦੇ ਅਜਮੇਰ ਜ਼ਿਲ੍ਹੇ ਵਿਚ ਅੱਜ ਦੇਵੀ ਦੁਰਗਾ ਦੀ ਮੂਰਤੀ ਜਲ ਪ੍ਰਵਾਹ ਕਰਨ ਮੌਕੇ ਛੇ ਵਿਅਕਤੀਆਂ ਦੀ ਡੁੱਬਣ ਨਾਲ ਮੌਤ ਹੋ ਗਈ। ਇਹ ਮੀਂਹ ਦੇ ਪਾਣੀ ਨਾਲ ਭਰੇ ਇਕ ਟੋਏ ਵਿਚ ਮੂਰਤੀ ਜਲ ਪ੍ਰਵਾਹ ਕਰ ਰਹੇ ਸਨ। ਇਹ ਘਟਨਾ ਨਸੀਰਾਬਾਦ ਸਦਰ ਪੁਲੀਸ ਥਾਣੇ ਅਧੀਨ ਪੈਂਦੇ ਇਕ ਪਿੰਡ ਵਿਚ ਵਾਪਰੀ ਹੈ। ਪੁਲੀਸ ਨੇ ਦੱਸਿਆ ਕਿ ਇਸ ਥਾਂ ਦੀ ਵਰਤੋਂ ਆਮ ਤੌਰ ’ਤੇ ਲੋਕ ਮੂਰਤੀ ਜਲ ਪ੍ਰਵਾਹ ਕਰਨ ਲਈ ਕਰਦੇ ਹਨ, ਪਰ ਲੱਗਦਾ ਹੈ ਕਿ ਇਸ ਵਾਰ ਉਨ੍ਹਾਂ ਨੂੰ ਡੂੰਘਾਈ ਬਾਰੇ ਜਾਣਕਾਰੀ ਨਹੀਂ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜ ਦੇਹਾਂ ਕੱਢੀਆਂ ਗਈਆਂ ਸਨ ਪਰ ਮਗਰੋਂ ਇਕ ਹੋਰ ਵਿਅਕਤੀ ਦੇ ਲਾਪਤਾ ਹੋਣ ਬਾਰੇ ਪਤਾ ਲੱਗਾ। ਬਚਾਅ ਦਲ ਨੇ ਇਕ ਦੇਹ ਬਾਅਦ ਵਿਚ ਬਾਹਰ ਕੱਢੀ। ਅਜਮੇਰ ਦੇ ਕਲੈਕਟਰ ਅੰਸ਼ਦੀਪ ਨੇ ਦੱਸਿਆ ਕਿ ਟੋਆ ਕਾਫ਼ੀ ਡੂੰਘਾ ਸੀ ਜਿਸ ਦਾ ਮੂਰਤੀ ਜਲ ਪ੍ਰਵਾਹ ਕਰਨ ਆਏ ਲੋਕ ਅੰਦਾਜ਼ਾ ਨਹੀਂ ਲਾ ਸਕੇ ਤੇ ਡੁੱਬ ਗਏ। ਮ੍ਰਿਤਕਾਂ ਦੀਆਂ ਦੇਹਾਂ ਪੋਸਟਮਾਰਟਮ ਤੋਂ ਬਾਅਦ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। -ਪੀਟੀਆਈ