ਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਪੰਜਵੇਂ ਗੇੜ ਦੀ ਫੌਜੀ ਵਾਰਤਾ ਦੌਰਾਨ ਭਾਰਤੀ ਫੌਜ ਨੇ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ਨੂੰ ਸਪੱਸ਼ਟ ਕੀਤਾ ਕਿ ਉਹ ਭਾਰਤ ਦੀ ਖੇਤਰੀ ਅਖੰਡਤਾ ’ਤੇ ਸਮਝੌਤਾ ਨਹੀਂ ਕਰੇਗੀ ਅਤੇ ਕਿਹਾ ਕਿ ਪੱਛਮੀ ਲੱਦਾਖ ਦੀ ਪੈਂਗੌਂਗ ਝੀਲ ’ਤੇ ਤਣਾਅ ਵਾਲੀਆਂ ਹੋਰ ਥਾਵਾਂ ਤੋਂ ਜਵਾਨਾਂ ਨੂੰ ਪਿੱਛੇ ਹਟਾਉਣ ਦੀ ਕਾਰਵਾਈ ਫੌਰੀ ਮੁਕੰਮਲ ਕੀਤੀ ਜਾਵੇੇ। ਇਹ ਜਾਣਕਾਰੀ ਅੱਜ ਇਨ੍ਹਾਂ ਗਤੀਵਿਧੀਆਂ ਤੋਂ ਜਾਣੂ ਲੋਕਾਂ ਨੇ ਦਿੱਤੀ। ਦੋਵਾਂ ਫੌਜਾਂ ਦੇ ਸੀਨੀਅਰ ਕਮਾਂਡਰਾਂ ਵਿਚਾਲੇ ਐਤਵਾਰ ਨੂੰ ਅਸਲ ਕੰਟਰੋਲ ਰੇਖਾ ਦੇ ਚੀਨ ਵਾਲੇ ਪਾਸੇ ਮੋਲਡੋ ਵਿਚ ਕਰੀਬ 11 ਘੰਟੇ ਗੰਭੀਰ ਵਿਚਾਰ-ਚਰਚਾ ਹੋਈ। ਭਾਰਤੀ ਵਫ਼ਦ ਨੇ ਸਪੱਸ਼ਟ ਢੰਗ ਨਾਲ ਚੀਨੀ ਵਫ਼ਦ ਨੂੰ ਕਿਹਾ ਕਿ ਪੂਰਬੀ ਲੱਦਾਖ ਦੇ ਸਾਰੇ ਖੇਤਰਾਂ ਵਿੱਚ ਪਹਿਲਾਂ ਵਾਲੀ ਸਥਿਤੀ ਬਰਕਰਾਰ ਰੱਖਣੀ ਦੋਵਾਂ ਮੁਲਕਾਂ ਵਿਚਾਲੇ ਸਬੰਧਾਂ ਲਈ ਅਹਿਮ ਹੈ।
-ਪੀਟੀਆਈ