ਪਣਜੀ, 5 ਦਸੰਬਰ
ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਕਿਹਾ ਹੈ ਕਿ ਜੇ ਪਾਰਟੀ ਗੋਆ ’ਚ ਸਰਕਾਰ ਬਣਾਉਂਦੀ ਹੈ ਤਾਂ ਸਥਾਨਕ ਲੋਕਾਂ ਦੇ ਭੂਮੀ ਹੱਕਾਂ ਦੀ ਰਾਖੀ ਲਈ ਕਾਨੂੰਨ ਲਾਗੂ ਕੀਤਾ ਜਾਵੇਗਾ। ਚਿਦੰਬਰਮ ਨੇ ਨਾਲ ਹੀ ਕਿਹਾ ਕਿ ਕਾਂਗਰਸ ਕੱਚੇ ਲੋਹੇ ਦੀ ਖ਼ਣਨ ਸਨਅਤ ਨੂੰ ਮੁੜ ਕਾਇਮ ਕਰੇਗੀ ਤੇ ਇਸ ਲਈ ਕਾਨੂੰਨੀ ਰਾਹ ਅਖ਼ਤਿਆਰ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਖ਼ਣਨ ਉਤੇ ਰੋਕ ਲਾ ਦਿੱਤੀ ਸੀ ਤੇ ਇਹ 2018 ਤੋਂ ਠੱਪ ਹੈ। ਵਲਪੋਈ ਵਿਧਾਨ ਸਭਾ ਹਲਕੇ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਚਿਦੰਬਰਮ ਨੇ ਕਿਹਾ ਕਿ ਉਹ ਪੂਰੇ ਮੁਲਕ ਦੇ ਜ਼ਮੀਨ ਸਬੰਧੀ ਕਾਨੂੰਨ ਜਾਣਦੇ ਹਨ। ਗੋਆ ਵਿਚ ਕਾਨੂੰਨ ਬਣਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਚਿਦੰਬਰਮ ਗੋਆ ਚੋਣਾਂ ਵਿਚ ਕਾਂਗਰਸ ਦੇ ਸੀਨੀਅਰ ਚੋਣ ਨਿਗਰਾਨ ਹਨ ਜਿੱਥੇ ਅਗਲੇ ਸਾਲ ਦੇ ਸ਼ੁਰੂ ਵਿਚ ਚੋਣਾਂ ਹਨ। ਚਿਦੰਬਰਮ ਨੇ ਇਸ ਮੌਕੇ ਸਥਾਨਕ ਲੋਕਾਂ, ਖਾਸ ਕਰ ਕੇ ਆਦਿਵਾਸੀ ਵਰਗ ਵੱਲੋਂ ਭੂਮੀ ਹੱਕਾਂ ਦੀ ਰਾਖੀ ਲਈ ਉਠਾਈ ਜਾ ਰਹੀ ਆਵਾਜ਼ ਦਾ ਜ਼ਿਕਰ ਵੀ ਕੀਤਾ। ਜ਼ਿਕਰਯੋਗ ਹੈ ਕਿ 2017 ਦੀਆਂ ਚੋਣਾਂ ਵਿਚ ਕਾਂਗਰਸ ਨੇ ਸਭ ਤੋਂ ਵੱਧ 17 ਸੀਟਾਂ ਜਿੱਤੀਆਂ ਸਨ ਪਰ 40 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਨੇ ਹੋਰਨਾਂ ਪਾਰਟੀਆਂ ਤੇ ਆਜ਼ਾਦ ਉਮੀਦਵਾਰਾਂ ਨਾਲ ਗੱਠਜੋੜ ਕਰ ਕੇ ਸਰਕਾਰ ਬਣਾ ਲਈ ਸੀ। -ਪੀਟੀਆਈ