ਨਵੀਂ ਦਿੱਲੀ, 14 ਜੁਲਾਈ
ਭਾਰਤੀ ਮੂਲ ਦੇ ਇੰਗਲੈਂਡ ਦੇ ਸਾਬਕਾ ਸਪਿੰਨਰ ਮੌਂਟੀ ਪਨੇਸਰ ਨੇ ਅੱਜ ਕਿਹਾ ਕਿ ਬਰਤਾਨੀਆ ’ਚ ਦੱਖਣੀ-ਏਸ਼ਿਆਈ ਪਰਵਾਸੀਆਂ ਨੂੰ ਤਾਂ ਕਦੇ-ਕਦਾਈਂ ਹੀ ਨਸਲਵਾਦ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਇਸ ਦਾ ਮੁਕਾਬਲਾ ਸਿਆਹਫਾਮ ਭਾਈਚਾਰੇ ਨਾਲ ਰੋਜ਼ਾਨਾ ਹੋਣ ਵਾਲੇ ਸਲੂਕ ਨਾਲ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਇੱਥੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਸ਼ ’ਚ ਸਿਆਹਫਾਮ ਭਾਈਚਾਰੇ ਨਾਲ ਨਸਲਵਾਦ ਖਤਮ ਹੋਣਾ ਚਾਹੀਦਾ ਹੈ ਅਤੇ ਅਧਿਕਾਰੀਆਂ ਨੂੰ ਪੰਜ ਸਾਲਾ ਯੋਜਨਾ ਬਣਾ ਕੇ ਇਸ ਨੂੰ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਜੇਕਰ ਕੋਈ ਇੱਥੇ ਕਾਲਾ ਰੰਗ ਚੜ੍ਹੀ ਤਾਕੀਆਂ ਵਾਲੀ ਕਾਰ ਚਲਾਉਂਦਾ ਹੈ ਅਤੇ ਉਹ ਸਿਆਹਫਾਮ ਹੈ ਤਾਂ ਪੁਲੀਸ ਉਸ ਦੀ ਕਾਰ ਜ਼ਰੂਰ ਰੋਕੇਗੀ। ਇਹ ਸਿਆਹਫਾਮ ਲੋਕ ਰੋਜ਼ਾਨਾ ਪੁਲੀਸ ਦੇ ਸਹਿਮ ਹੇਠ ਜਿਊਂਦੇ ਹਨ।’ ਪਨੇਸਰ ਨੇ ਕਿਹਾ, ‘ਮੇਰੇ ਸਿਆਹਫਾਮ ਦੋਸਤ ਦੱਸਦੇ ਹਨ ਕਿ ਉਹ ਸੁਪਰ ਮਾਰਕੀਟ ਜਾਂਦੇ ਹਨ ਤਾਂ ਲੋਕਾਂ ਨੂੰ ਉਨ੍ਹਾਂ ’ਤੇ ਚੋਰੀ ਦਾ ਸ਼ੱਕ ਹੁੰਦਾ ਹੈ। ਜੇਕਰ ਮੈਂ ਜੇਬ ’ਚ ਕੁਝ ਰੱਖ ਲਵਾਂ ਤਾਂ ਕੋਈ ਧਿਆਨ ਨਹੀਂ ਦੇਵੇਗਾ ਪਰ ਉਹ ਕੁਝ ਨਹੀਂ ਕਰਦੇ ਤਾਂ ਵੀ ਉਨ੍ਹਾ ’ਤੇ ਸ਼ੱਕ ਰਹਿੰਦਾ ਹੈ।’
-ਪੀਟੀਆਈ