ਮੁੰਬਈ: ਬੰਬੇ ਹਾਈ ਕੋਰਟ ਨੇ ਐਲਗਾਰ ਪਰਿਸ਼ਦ-ਮਾਓਵਾਦੀ ਸਬੰਧਾਂ ਦੇ ਕੇਸ ’ਚ ਕਵੀ ਅਤੇ ਸਮਾਜਿਕ ਕਾਰਕੁਨ ਵਰਵਰਾ ਰਾਓ ਦੀ ਮੈਡੀਕਲ ਆਧਾਰ ’ਤੇ ਮੰਗੀ ਗਈ ਪੱਕੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਹੈ। ਉਂਜ ਬੈਂਚ ਨੇ 83 ਵਰ੍ਹਿਆਂ ਦੇ ਕਾਰਕੁਨ ਨੂੰ ਤਾਲੋਜਾ ਜੇਲ੍ਹ ਦੇ ਅਧਿਕਾਰੀਆਂ ਅੱਗੇ ਆਤਮ ਸਮਰਪਣ ਤੋਂ ਤਿੰਨ ਮਹੀਨਿਆਂ ਦੀ ਹੋਰ ਰਾਹਤ ਦੇ ਦਿੱਤੀ ਹੈ। ਬੈਂਚ ਨੇ ਰਾਓ ਵੱਲੋਂ ਮੁੰਬਈ ਦੀ ਬਜਾਏ ਹੈਦਰਾਬਾਦ ’ਚ ਰਹਿਣ ਦੀ ਇਜਾਜ਼ਤ ਦੇਣ ਸਬੰਧੀ ਅਰਜ਼ੀ ਨੂੰ ਵੀ ਖਾਰਜ ਕਰ ਦਿੱਤਾ ਹੈ। ਹਾਈ ਕੋਰਟ ਨੇ ਮਹਾਰਾਸ਼ਟਰ ਦੇ ਆਈਜੀ (ਜੇਲ੍ਹਾਂ) ਨੂੰ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਸਮੇਤ ਤਾਲੋਜਾ ਜੇਲ੍ਹ ’ਚ ਮੈਡੀਕਲ ਸਹੂਲਤਾਂ ਦੀ ਘਾਟ, ਗੰਦਗੀ ਅਤੇ ਹੋਰ ਖਾਮੀਆਂ ਸਬੰਧੀ ਰਿਪੋਰਟ 30 ਅਪਰੈਲ ਤੱਕ ਜਮ੍ਹਾਂ ਕਰਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਐੱਨਆਈਏ ਦੀ ਵਿਸ਼ੇਸ਼ ਅਦਾਲਤ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਐਲਗਾਰ ਪਰਿਸ਼ਦ ਕੇਸ ਦੀ ਰੋਜ਼ਾਨਾ ਆਧਾਰ ’ਤੇ ਸੁਣਵਾਈ ਕਰਨ। ਰਾਓ ਪਿਛਲੇ ਸਾਲ ਫਰਵਰੀ ਤੋਂ ਆਰਜ਼ੀ ਮੈਡੀਕਲ ਜ਼ਮਾਨਤ ’ਤੇ ਹਨ। ਉਨ੍ਹਾਂ ਦਾ ਇੱਕ ਹਸਪਤਾਲ ’ਚ ਇਲਾਜ ਚਲ ਰਿਹਾ ਸੀ। -ਪੀਟੀਆਈ