ਮੁੰਬਈ: ਐਲਗਾਰ ਪਰਿਸ਼ਦ ਕੇਸ ’ਚ ਕਥਿਤ ਦੋਸ਼ੀ ਕਵੀ-ਕਾਰਕੁਨ ਵਰਵਰਾ ਰਾਓ ਨੂੰ ਬਾਂਬੇ ਹਾਈ ਕੋਰਟ ਵੱਲੋਂ ਜਾਰੀ ਨਿਰਦੇਸ਼ ’ਤੇ ਤਲੋਜਾ ਜੇਲ੍ਹ ਤੋਂ ਮੁੰਬਈ ਦੇ ਨਾਨਾਵਤੀ ਹਸਪਤਾਲ ਤਬਦੀਲ ਕਰ ਦਿੱਤਾ ਗਿਆ ਹੈ। ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਰਾਓ ਨੂੰ ਬੁੱਧਵਾਰ ਦੇਰ ਰਾਤ ਹਸਪਤਾਲ ਤਬਦੀਲ ਕੀਤਾ ਗਿਆ ਹੈ। ਹਾਈ ਕੋਰਟ ਨੇ ਜੇਲ੍ਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ 80 ਸਾਲਾਂ ਬਜ਼ੁਰਗ ਕਵੀ ਨੂੰ ਜੇਲ੍ਹ ਤੋਂ ਨਾਨਾਵਤੀ ਹਸਪਤਾਲ ਤਬਦੀਲ ਕਰਨ। ਜਸਟਿਸ ਐੱਸ ਐੱਸ ਸ਼ਿੰਦੇ ਅਤੇ ਮਾਧਵ ਜਾਮਦਾਰ ਨੇ ਕਿਹਾ ਕਿ ਅਦਾਲਤ ਨੂੰ ਦੱਸੇ ਬਿਨਾਂ ਸ੍ਰੀ ਰਾਓ ਨੂੰ ਹਸਪਤਾਲ ਤੋਂ ਛੁੱਟੀ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਨੂੰ ਹਸਪਤਾਲ ’ਚ ਮਿਲਣ ਦੀ ਆਗਿਆ ਦਿੱਤੀ ਜਾਵੇ। -ਪੀਟੀਆਈ