ਨਵੀਂ ਦਿੱਲੀ, 17 ਅਗਸਤ
ਸੁਪਰੀਮ ਕੋਰਟ ਨੇ ਅੱਜ ਭੀਮਾ ਕੋਰੇਗਾਓਂ ਮਾਮਲੇ ਦੇ ਮੁਲਜ਼ਮ 82 ਸਾਲਾ ਕਵੀ ਅਤੇ ਕਾਰਕੁਨ ਪੀ ਵਰਵਰਾ ਰਾਓ ਨੂੰ ਮੋਤੀਆਬਿੰਦ ਦੇ ਅਪਰੇਸ਼ਨ ਲਈ ਹੈਦਰਾਬਾਦ ਜਾਣ ਦੇ ਸਬੰਧ ਵਿੱਚ ਆਪਣੀ ਅਰਜ਼ੀ ਦੇ ਨਾਲ ਹੇਠਲੀ ਅਦਾਲਤ ਦਾ ਰੁਖ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਸਿਖਰਲੀ ਅਦਾਲਤ ਨੇ ਸਬੰਧਤ ਹੇਠਲੀ ਅਦਾਲਤ ਨੂੰ ਇਸ ਸਬੰਧੀ ਅਰਜ਼ੀ ਮਿਲਣ ’ਤੇ ਤਿੰਨ ਹਫ਼ਤਿਆਂ ਦੇ ਅੰਦਰ ਉਸ ਉੱਤੇ ਵਿਚਾਰ ਕਰਨ ਦੀ ਹਦਾਇਤ ਵੀ ਕੀਤੀ ਹੈ।
ਜਸਟਿਸ ਯੂ.ਯੂ. ਲਲਿਤ, ਜਸਟਿਸ ਐੱਸ.ਆਰ. ਭੱਟ ਤੇ ਜਸਟਿਸ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਕਿਹਾ ਕਿ 10 ਅਗਸਤ ਦੇ ਹੁਕਮਾਂ ਅਨੁਸਾਰ ਇਹ ਨਿਰਦੇਸ਼ ਦਿੱਤਾ ਗਿਆ ਸੀ ਕਿ ਰਾਓ ਹੇਠਲੀ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਗਰੇਟਰ ਮੁੰਬਈ ਖੇਤਰ ਤੋਂ ਬਾਹਰ ਨਹੀਂ ਜਾਣਗੇ। ਰਾਓ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਆਨੰਦ ਗਰੋਵਰ ਨੇ ਕਿਹਾ ਕਿ ਪਟੀਸ਼ਨਰ ਦੀ ਉਮਰ 82 ਸਾਲ ਹੈ ਅਤੇ ਉਨ੍ਹਾਂ ਨੂੰ ਮੋਤੀਆਬਿੰਦ ਦੇ ਅਪਰੇਸ਼ਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਰਾਓ ਤਿਲੰਗਾਨਾ ਦੇ ਰਹਿਣ ਵਾਲੇ ਹਨ ਅਤੇ ਹੈਦਰਾਬਾਦ ਦੇ ਵਸਨੀਕ ਹਨ। ਵਕੀਲ ਨੇ ਕਿਹਾ ਕਿ ਮੂਲ ਰੂਪ ਤੋਂ ਹੈਦਰਾਬਾਦ ਦੇ ਹੋਣ ਕਰ ਕੇ ਰਾਓ ਅਪਰੇਸ਼ਨ ਵਾਸਤੇ ਉੱਥੇ ਹੀ ਜਾਣਾ ਚਾਹੁੰਦੇ ਹਨ। ਐੱਨਆਈਏ ਵੱਲੋਂ ਪੇਸ਼ ਐਡੀਸ਼ਨਲ ਸੌਲੀਸਿਟਰ ਜਨਰਲ ਐੱਸ.ਵੀ. ਰਾਜੂ ਨੇ ਰਾਓ ਦੀ ਅਰਜ਼ੀ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਪਹਿਲਾਂ ਜਦੋਂ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ, ਉਹ ਸਰਜਰੀ ਲਈ ਨਹੀਂ ਗਏ। ਸਿਖ਼ਰਲੀ ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕਿਹਾ, ‘‘ਇਸ ਅਦਾਲਤ ਵੱਲੋਂ ਲਾਈਆਂ ਗਈਆਂ ਸ਼ਰਤਾਂ ਨੂੰ ਦੇਖਦੇ ਹੋਏ ਪਟੀਸ਼ਨਰ ਨੂੰ ਗਰੇਟਰ ਮੁੰਬਈ ਦੀ ਸੀਮਾ ਦੇ ਅੰਦਰ ਰਹਿਣਾ ਸੀ।’’ ਬੈਂਚ ਨੇ ਕਿਹਾ, ‘‘ਇਸ ਅਦਾਲਤ ਦੀ ਅਪੀਲ ’ਤੇ ਵਿਚਾਰ ਕਰਨ ਦੀ ਬਜਾਏ, ਅਸੀਂ ਸਰਕਾਰੀ ਵਕੀਲ ਨੂੰ ਇਕ ਐਡਵਾਂਸ ਕਾਪੀ ਦੇਣ ਦੇ ਨਾਲ ਪਟੀਸ਼ਨਰ ਨੂੰ ਦੋ ਹਫ਼ਤਿਆਂ ਦੇ ਅੰਦਰ ਸਬੰਧਤ ਹੇਠਲੀ ਅਦਾਲਤ ਮੂਹਰੇ ਅਰਜ਼ੀ ਦਾਇਰ ਕਰਨ ਦੀ ਆਜ਼ਾਦੀ ਦਿੰਦੇ ਹਾਂ।’’ -ਪੀਟੀਆਈ