ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਸੀਨੀਅਰ ਸਿਟੀਜ਼ਨਾਂ ਨੂੰ ਰੇਲ ਭਾੜੇ ਵਿੱਚ ਮਿਲਦੀ ਰਿਆਇਤ ਖ਼ਤਮ ਕਰਨ ਦੇ ਸਰਕਾਰ ਦੇ ਫ਼ੈਸਲੇ ’ਤੇ ਉਜਰ ਜਤਾਇਆ ਹੈ। ਵਰੁਣ ਨੇ ਸਵਾਲ ਕੀਤਾ ਕਿ ਜਦੋਂ ਸੰਸਦ ਮੈਂਬਰਾਂ ਨੂੰ ਰੇਲ ਕਿਰਾਏ ਵਿੱਚ ਮਿਲਦੀ ਸਬਸਿਡੀ ਜਾਰੀ ਰੱਖੀ ਜਾ ਸਕਦੀ ਹੈ ਤਾਂ ਫਿਰ ਬਜ਼ੁਰਗਾਂ ਨੂੰ ਮਿਲਦੀ ਰਾਹਤ ਨੂੰ ‘ਬੋਝ’ ਵਜੋਂ ਕਿਉਂ ਵੇਖਿਆ ਜਾ ਰਿਹਾ ਹੈ। ਗਾਂਧੀ ਨੇ ਇਕ ਹੋਰ ਟਵੀਟ ਵਿੱਚ ਤਕਨੀਕੀ ਨੁਕਸ ਦੇ ਹਵਾਲੇ ਨਾਲ ਹਵਾਈ ਉਡਾਣਾਂ ਦੇ ਇਕ ਤੋਂ ਬਾਅਦ ਇਕ ਐਮਰਜੈਂਸੀ ਲੈਂਡਿੰਗ ਕਰਨ ਦੀਆਂ ਘਟਨਾਵਾਂ ’ਤੇ ਵੀ ਫ਼ਿਕਰ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾਵਾਂ ਅਜਿਹੇ ਮੌਕੇ ਸਾਹਮਣੇ ਆਈਆਂ ਹਨ ਜਦੋਂ ਘਰੇਲੂ ਹਵਾਈ ਉਡਾਣਾਂ ਦੇ ਕਿਰਾਏ ਲਗਪਗ ਦੁੱਗਣੇ ਹਨ। ਗਾਂਧੀ ਨੇ ਡੀਜੀਸੀਏ ਨੂੰ ਕਿਹਾ ਕਿ ਉਹ ਸਖ਼ਤ ਉਪਰਾਲੇ ਯਕੀਨੀ ਬਣਾਏ। ਭਾਜਪਾ ਆਗੂ ਨੇ ਹੈਰਾਨੀ ਜਤਾਈ ਕਿ ਕੀ ਡੀਜੀਸੀਏ ਨੂੰ ਕਿਸੇ ‘ਵੱਡੇ ਹਾਦਸੇ’ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿੱਚ 17 ਉਡਾਣਾਂ ਦਾ ਅਸਰਅੰਦਾਜ਼ ਹੋਣਾ ‘ਵੱਡੀ ਚਿੰਤਾ ਦਾ ਵਿਸ਼ਾ’ ਹੈ। -ਪੀਟੀਆਈ