ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਮਈ
ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਅੱਜ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਰਕਾਬਗੰਜ ਗੁਰਦੁਆਰੇ ਵਿਖੇ 400 ਬਿਸਤਰਿਆਂ ਵਾਲੇ ਕੋਵਿਡ ਕੇਅਰ ਐਂਡ ਟ੍ਰੀਟਮੈਂਟ ਸੈਂਟਰ ਦਾ ਦੌਰਾ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਟੀਕਿਆਂ ਦੀ ਘਾਟ ਹੈ। ‘ਕੋਵੈਕਸੀਨ’ ਦਾ ਸਟਾਕ ਇਕ ਦਿਨ ਲਈ ਹੈ ਤੇ ‘ਕੋਵੀਸ਼ੀਲਡ’ ਦਾ ਸਟਾਕ ਤਿੰਨ ਤੋਂ ਚਾਰ ਦਿਨਾਂ ਤੱਕ ਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਲਾਗ ਦੀ ਦਰ 26 ਤੋਂ ਘੱਟ ਕੇ 20 ਪ੍ਰਤੀਸ਼ਤ ਤੱਕ ਆ ਗਈ ਹੈ ਤੇ ਕੇਸ ਵੀ ਅੱਧੇ ਹੇਠਾਂ ਆ ਰਹੇ ਹਨ ਪਰ ਫਿਰ ਵੀ ਤਿਆਰੀਆਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਸਕਦੀ। ਜੈਨ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਦਿੱਲੀ ਵਿੱਚ 28 ਹਜ਼ਾਰ ਤੋਂ ਵੱਧ ਕੇਸ ਸਨ ਪਰ ਹੁਣ ਦਿੱਲੀ ਵਿੱਚ 13 ਹਜ਼ਾਰ ਦੇ ਕਰੀਬ ਕੇਸ ਆ ਰਹੇ ਹਨ। ਪਹਿਲਾਂ ਤਬਦੀਲੀ ਦੀ ਦਰ 26 ਪ੍ਰਤੀਸ਼ਤ ਸੀ ਹੁਣ ਇਹ ਘੱਟ ਕੇ 20 ਪ੍ਰਤੀਸ਼ਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਰੋਨਾ ਦੀ ਮੌਜੂਦਾ ਲਹਿਰ ਜਿਸ ਨੂੰ ਦੇਸ਼ ਦੀ ਦੂਜੀ ਲਹਿਰ ਤੇ ਦਿੱਲੀ ਵਿਚ ਚੌਥੀ ਲਹਿਰ ਕਿਹਾ ਜਾ ਰਿਹਾ ਹੈ, ਦੇ ਐਨੀ ਜਲਦੀ ਆਉਣ ਦਾ ਅੰਦਾਜ਼ਾ ਨਹੀਂ ਸੀ। ਸਿਹਤ ਮੰਤਰੀ ਨੇ ਉਮੀਦ ਜਤਾਈ ਕਿ ਦਿੱਲੀ ਨੂੰ ਅਲਾਟ ਆਕਸੀਜਨ ਜਲਦੀ ਮਿਲਣੀ ਸ਼ੁਰੂ ਹੋ ਜਾਵੇਗੀ ਤੇ ਇਕ ਦਿਨ ਵਿਚ 700 ਮੀਟ੍ਰਿਕ ਟਨ ਤੋਂ ਵੱਧ ਆਕਸੀਜਨ ਮਿਲਦੀ ਰਹੇਗੀ। ਉਨ੍ਹਾਂ ਕਿਹਾ ਕਿ ਰਾਮਲੀਲਾ ਮੈਦਾਨ ਵਿੱਚ ਬਣਾਇਆ ਜਾ ਰਿਹਾ ਅਸਥਾਈ ਹਸਪਤਾਲ ਬਹੁਤ ਜਲਦੀ ਸ਼ੁਰੂ ਹੋ ਜਾਵੇਗਾ।