ਨੈਨੀਤਾਲ, 19 ਸਤੰਬਰ
ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਦੌਰਾਨ ਲੰਘੇ 24 ਘੰਟਿਆਂ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਤਿੰਨ ਘਰ ਤਬਾਹ ਹੋ ਗਏ। ਹਲਦਵਾਨੀ ਨੇੜੇ ਪੰਕਜ ਥਾਪਾ ਨਾਮੀ ਵਿਅਕਤੀ ਝਰਨੇ ਨੂੰ ਪਾਰ ਕਰਦੇ ਸਮੇਂ ਰੁੜ੍ਹ ਗਿਆ। ਐੱਸਆਈ ਰਾਮੇਸ਼ ਭੂਰਾ ਨੇ ਦੱਸਿਆ ਕਿ ਘਟਨਾ ਤੋਂ 20 ਘੰਟਿਆਂ ਬਾਅਦ ਅੱਜ ਉਸ ਦੀ ਲਾਸ਼ ਬਰਾਮਦ ਹੋਈ। ਨੈਨੀਤਾਲ ਵਿੱਚ ਐਤਵਾਰ ਨੂੰ ਕਿਸ਼ਤੀ ਚਾਲਕ ਦੀਵਾਨ ਰਾਮ ਆਪਣੀ ਕਿਸ਼ਤੀ ਵਿੱਚੋਂ ਪਾਣੀ ਕੱਢਦੇ ਸਮੇਂ ਝੀਲ ਵਿੱਚ ਡਿੱਗ ਪਿਆ। ਕੁਝ ਲੋਕਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਤੋਂ ਇਲਾਵਾ ਭਾਰੀ ਮੀਂਹ ਕਾਰਨ ਓਖਲਕਾਂਡਾ ਵਿੱਚ ਤਿੰਨ ਘਰ ਢਹਿਣ ਕਾਰਨ ਤਿੰਨ ਪਰਿਵਾਰ ਬੇਘਰ ਹੋ ਗਏ। -ਪੀਟੀਆਈ