ਮੁੰਬਈ, 18 ਮਾਰਚ
ਬੌਲੀਵੁੱਡ ਹਸਤੀਆਂ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੱਲੋਂ ‘ਫਟੀਆਂ ਜੀਨਾਂ’ ਪਾਉਣ ਵਾਲੀਆਂ ਮਹਿਲਾਵਾਂ ਬਾਰੇ ਕੀਤੀ ਟਿੱਪਣੀਆਂ ’ਤੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਦੋਹਤੀ ਨੇ ਮੁੱਖ ਮੰਤਰੀ ਨੂੰ ਮਹਿਲਾਵਾਂ ਦੇ ਕੱਪੜੇ ਬਦਲਣ ਦੀ ਥਾਂ ਆਪਣੀ ਮਾਨਸਿਕਤਾ ’ਚ ਤਬਦੀਲੀ ਲਿਆਉਣ ਦੀ ਸਲਾਹ ਦਿੱਤੀ ਹੈ। ਉਧਰ ਅਦਾਕਾਰ ਤੇ ਸਿਆਸਤਦਾਨ ਜਯਾ ਬੱਚਨ ਨੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਇਕ ਮੁੱਖ ਮੰਤਰੀ ਨੂੰ ਨਹੀਂ ਸ਼ੋਭਦੀਆਂ ਤੇ ਅਜਿਹੀ ਮਾਨਸਿਕਤਾ ਮਹਿਲਾਵਾਂ ਖ਼ਿਲਾਫ਼ ਅਪਰਾਧਾਂ ਨੂੰ ਹੱਲਾਸ਼ੇਰੀ ਦਿੰਦੀ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਉੱਚ ਅਹੁਦਿਆਂ ’ਤੇ ਬੈਠਣ ਵਾਲਿਆਂ ਨੂੰ ਸੋਚ ਸਮਝ ਕੇ ਬਿਆਨ ਦੇਣੇ ਚਾਹੀਦੇ ਹਨ।
ਚੇਤੇ ਰਹੇ ਕਿ ਇਸ ਹਫ਼ਤੇ ਦੇਹਰਾਦੂਨ ਵਿੱਚ ਬਾਲ ਹੱਕਾਂ ਦੀ ਸੁਰੱਖਿਆ ਬਾਰੇ ਵਰਕਸ਼ਾਪ ਵਿੱਚ ਹਾਜ਼ਰੀ ਭਰਨ ਮੌਕੇ ਮੁੱਖ ਮੰਤਰੀ ਰਾਵਤ ਨੇ ‘ਫਟੀਆਂ ਜੀਨਾਂ’ ਪਾਉਣ ਵਾਲੀਆਂ ਔਰਤਾਂ ਬਾਰੇ ਟਿੱਪਣੀ ਕੀਤੀ ਸੀ। ਰਾਵਤ ਨੇ ਇਕ ਪੁਰਾਣੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਹਵਾਈ ਜਹਾਜ਼ ਦੇ ਸਫ਼ਰ ਦੌਰਾਨ ਮਹਿਲਾ ਸਹਿ-ਮੁਸਾਫ਼ਰ, ਜੋ ਇਕ ਐੱਨਜੀਓ ਚਲਾਉਂਦੀ ਸੀ, ਨੇ ਫਟੀ ਹੋਈ ਜੀਨ ਪਾਈ ਹੋਈ ਸੀ। ਮੁੱਖ ਮੰਤਰੀ ਨੇ ਉਸ ਮਹਿਲਾ ਦੇ ਹਵਾਲੇ ਨਾਲ ਸਵਾਲ ਕੀਤਾ ਕਿ ਇਹ ਮਹਿਲਾ ਜਿਸ ਦੇ ਫਟੀ ਜੀਨਜ਼ ’ਚੋੋਂ ਗੋਡੇ ਨਜ਼ਰ ਆਉਂਦੇ ਸੀ, ਅੱਗੇ ਕਿਹੋ ਜਿਹੇ ‘ਸੰਸਕਾਰ’ ਦੇਵੇਗੀ। ਰਾਵਤ ਦੀ ਇਸ ਵਿਵਾਦਿਤ ਟਿੱਪਣੀ ਮਗਰੋਂ ਟਵਿੱਟਰ ’ਤੇ ‘#ਰਿੱਪਡਜੀਨਸਟਵਿੱਟਰ’ ਉੱਤੇ ਟਰੈਂਡ ਕਰਨ ਲੱਗਾ।
ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਦੋਹਤੀ ਨਾਵਿਆ ਨਵੇਲੀ ਨੰਦਾ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਦੀ ਇਸ ਟਿੱਪਣੀ ਦਾ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀ ਤਸਵੀਰ ਪਾ ਕੇ ਜਵਾਬ ਦਿੱਤਾ। ਤਸਵੀਰ ਵਿੱਚ ਨਾਵਿਆ ਫਟੀ ਹੋਈ ਜੀਨਜ਼ ਵਿੱਚ ਨਜ਼ਰ ਆ ਰਹੀ ਹੈ। ਨਾਵਿਆ ਨੇ ਲਿਖਿਆ, ‘ਸਾਡੇ ਕੱਪੜਿਆਂ ਨੂੰ ਬਦਲਣ ਤੋਂ ਪਹਿਲਾਂ ਸੀਐੱਮ ਨੂੰ ਆਪਣੀ ਮਾਨਸਿਕਤਾ ਬਦਲਣੀ ਚਾਹੀਦੀ ਹੈ। ਮੈਂ ਆਪਣੀ ਫਟੀ ਹੋਈ ਜੀਨਜ਼ ਹੀ ਪਾਵਾਂਗੀ। ਧੰਨਵਾਦ। ਮੈਂ ਇਸ ਨੂੰ ਮਾਣ ਨਾਲ ਪਾਵਾਂਗੀ।’ ਉਧਰ ਹੋਰਨਾਂ ਬੌਲੀਵੁੱਡ ਹਸਤੀਆਂ ਕੋਇਨਾ ਮਿੱਤਰਾ, ਗੁਲ ਪਨਾਗ ਤੇ ਸੋਨਾ ਮੋਹਾਪਾਤਰਾ ਨੇ ਵੀ ਟਵੀਟ ਕਰਕੇ ਉੱਤਰਾਖੰਡ ਦੇ ਸੀਐੱਮ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ। -ਆਈਏਐੱਨਐੱਸ
ਫਟੀ ਜੀਨਜ਼ ਵਿੱਚ ਘਰੋਂ ਬੇਘਰ ਮੰਗਤਿਆਂ ਵਾਂਗ ਨਾ ਲੱਗਣ ਨੌਜਵਾਨ: ਕੰਗਨਾ
ਮੁੰਬਈ: ਉੱਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੱਲੋਂ ਕੀਤੀਆਂ ਟਿੱਪਣੀਆਂ ਲਈ ਸੋਸ਼ਲ ਮੀਡੀਆ ’ਤੇ ਛਿੜੀ ਬਹਿਸ ’ਚ ਸ਼ਾਮਲ ਹੁੰਦਿਆਂ ਭਾਵੇਂ ਰਾਵਤ ਦੀ ਨੁਕਤਾਚੀਨੀ ਤੋਂ ਪਾਸਾ ਵੱਟੀ ਰੱਖਿਆ, ਪਰ ਟਵਿੱਟਰ ’ਤੇ ‘ਫਟੀ ਜੀਨਜ਼ ਪਾਈ’ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕੰਗਨਾ ਨੇ ਨੌਜਵਾਨਾਂ ਨੂੰ ਕੁਝ ਫੈਸ਼ਨ ਟਿੱਪਸ ਵੀ ਦਿੱਤੇ ਹਨ। ਅਦਾਕਾਰਾ ਨੇ ਕਿਹਾ ਕਿ ਨੌਜਵਾਨ ਫਟੀ ਜੀਨਜ਼ ਵਿੱਚ ਘਰੋਂ ਬੇਘਰ ਮੰਗਤਿਆਂ ਵਾਂਗ ਨਾ ਲੱਗਣ, ਜਿਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਇਸ ਮਹੀਨੇ ਲਈ ਜੇਬ ਖਰਚ ਨਹੀਂ ਦਿੱਤਾ। -ਆਈਏਐੱਨਐੱਸ