ਕਾਨਪੁਰ (ਉੱਤਰ ਪ੍ਰਦੇਸ਼), 20 ਜੂਨ
ਪੁਲੀਸ ਨੇ ਛੇਵੇਂ ਵਿਆਹ ਦੀ ਤਿਆਰ ਕਰ ਰਹੇ ਇਕ ਤਾਂਤਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਕਿਦਵਈ ਨਗਰ ਪੁਲੀਸ ਨੇ ਇਹ ਗ੍ਰਿਫ਼ਤਾਰੀ ਮੁਲਜ਼ਮ ਦੀ ਪੰਜਵੀਂ ਪਤਨੀ ਦੀ ਸ਼ਿਕਾਇਤ ’ਤੇ ਕੀਤੀ। ਡੀਸੀਪੀ (ਦੱਖਣੀ) ਰਵੀਨਾ ਤਿਆਗੀ ਅਨੁਸਾਰ ਮੁਲਜ਼ਮ ਦੀ ਪਛਾਣ ਅਨੁਜ ਚੇਤਨ ਕਥੇਰੀਆ ਵਜੋਂ ਹੋਈ ਹੈ ਜੋ ਕਿ ਜੱਦੀ ਤੌਰ ’ਤੇ ਸ਼ਾਹਜਹਾਂਪੁਰ ਦਾ ਰਹਿਣ ਵਾਲਾ ਹੈ। ਮੁਲਜ਼ਮ ਖ਼ਿਲਾਫ਼ ਆੲਪੀਸੀ ਦੀ ਧਾਰਾ 420 ਤੇ 34 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ ਅਨੁਜ ਜੋ ਆਪਣੇ ਆਪ ਨੂੰ ਤਾਂਤਰਿਕ ਅਖਵਾਉਂਦਾ ਹੈ, ਨੇ ਪਹਿਲਾ ਵਿਆਹ 2005 ਵਿਚ ਮੈਨਪੁਰੀ ਜ਼ਿਲ੍ਹੇ ਦੀ ਇਕ ਔਰਤ ਨਾਲ ਕੀਤਾ। ਉਸ ਤੋਂ ਬਾਅਦ ਉਸ ਨੇ 2010 ਵਿਚ ਬਰੇਲੀ ਨਾਲ ਸਬੰਧਤ ਇਕ ਔਰਤ ਨਾਲ ਵਿਆਹ ਕਰਵਾਇਆ। ਉਸ ਮਗਰੋਂ 2014 ਵਿਚ ਉਸ ਨੇ ਔਰੱਈਆ ਦੀ ਰਹਿਣ ਵਾਲੀ ਇਕ ਔਰਤ ਨਾਲ ਵਿਆਹ ਕਰਵਾਇਆ। ਉਪਰੰਤ ਉਸ ਨੇ ਆਪਣੀ ਤੀਜੀ ਪਤਨੀ ਦੀ ਰਿਸ਼ਤੇਦਾਰੀ ’ਚੋਂ ਭੈਣ ਲੱਗਦੀ ਇਕ ਲੜਕੀ ਨਾਲ ਵਿਆਹ ਕਰਵਾਇਆ ਜਿਸ ਨੇ ਮੁਲਜ਼ਮ ਦੇ ਕੁਕਰਮਾਂ ਦਾ ਪਤਾ ਲੱਗਣ ’ਤੇ ਖ਼ੁਦਕੁਸ਼ੀ ਕਰ ਲਈ।
2016 ਵਿਚ ਸ਼ਾਹਜਹਾਂਪੁਰ ’ਚ ਮੁਲਜ਼ਮ ਖ਼ਿਲਾਫ਼ ਆਪਣੇ ਹੀ ਛੋਟੇ ਭਰਾ ਦੀ ਪਤਨੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਸਾਲ 2019 ਵਿਚ ਅਨੁਜ ਨੇ ਮੁੜ ਤੋਂ ਕਾਨਪੁਰ ਦੀ ਇਕ ਔਰਤ ਨਾਲ ਵਿਆਹ ਕਰਵਾਇਆ ਜੋ ਕਿ ਉਸ ਦੀ ਪੰਜਵੀਂ ਪਤਨੀ ਸੀ। ਡੀਸੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਕਈ ਹੋਰ ਤੱਥ ਸਾਹਮਣੇ ਆਏ। ਮੁਲਜ਼ਮ ਆਪਣੀਆਂ ਥਾਵਾਂ ਬਦਲਦਾ ਰਹਿੰਦ ਸੀ ਪਰ ਸ਼ੁੱਕਰਵਾਰ ਰਾਤ ਨੂੰ ਉਸ ਨੂੰ ਕਿਦਵਈ ਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਹ ਅੱਠਵੀਂ ਜਮਾਤ ਵੀ ਪਾਸ ਨਹੀਂ ਹੈ ਪਰ ਆਪਣੇ ਆਪ ਨੂੰ ਬੀਐੱਸਸੀ ਪਾਸ ਦੱਸਦਾ ਸੀ। ਇਸ ਵੇਲੇ ਉਹ ਇਕ ਹੋਰ 32 ਸਾਲਾ ਔਰਤ ਦੇ ਸੰਪਰਕ ਵਿਚ ਸੀ ਤੇ ਉਸ ਨਾਲ ਵਿਆਹ ਕਰਨ ਦੀ ਤਿਆਰੀ ਵਿਚ ਸੀ। ਉਸ ਨੇ ਲੱਕੀ ਪਾਂਡੇ ਨਾਂ ਤੋਂ ਆਪਣੀ ਜਾਅਲੀ ਪਛਾਣ ਤਿਆਰ ਕੀਤੀ ਸੀ। ਉਹ ਆਪਣੇ ਆਪ ਨੂੰ ਅਧਿਆਪਕ ਜਾਂ ਹੋਟਲ ਦਾ ਮਾਲਕ ਵੀ ਦੱਸਦਾ ਸੀ। -ਆਈਏਐੱਨਐੱਸ