ਕਾਨਪੁਰ, 22 ਫਰਵਰੀ
ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੂੰ ਅੱਜ ਕਾਨਪੁਰ ’ਚ ਪੁਲੀਸ ਨੇ ਉਸ ਸਮੇਂ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਇੱਥੇ ਰੀਜੈਂਸੀ ਹਸਪਤਾਲ ’ਚ ਜ਼ੇਰੇ ਇਲਾਜ ਉਨਾਓ ਕਾਂਡ ਦੀ ਪੀੜਤ ਲੜਕੀ ਨੂੰ ਮਿਲਣ ਜਾ ਰਹੇ ਸਨ। ਉਸ ਨੂੰ ਸ਼ਾਂਤੀ ਭੰਗ ਹੋਣ ਦੇ ਖ਼ਦਸ਼ੇ ਕਾਰਨ ਹਿਰਾਸਤ ’ਚ ਲਿਆ ਗਿਆ ਹੈ। ਇਸੇ ਦੌਰਾਨ ਭੀਮ ਆਰਮੀ ਦੇ ਸਮਰਥਕਾਂ ਨੇ ਮੁਜ਼ਾਹਰਾ ਕਰਦਿਆਂ ਆਜ਼ਾਦ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਆਜ਼ਾਦ ਦੋ ਲੜਕੀਆਂ, ਜਿਨ੍ਹਾਂ ਦੀ ਜ਼ਹਿਰ ਕਾਰਨ 17 ਫਰਵਰੀ ਨੂੰ ਮੌਤ ਹੋ ਗਈ ਸੀ, ਦੇ ਪਰਿਵਾਰਾਂ ਨੂੰ ਵੀ ਮਿਲੇ। ਉਨ੍ਹਾਂ ਨੇ ਪੁਲੀਸ ਨੂੰ ਝਕਾਨੀ ਦਿੰਦਿਆਂ ਉਕਤ ਲੜਕੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਪਿੰਡ ਦੇ ਬਾਹਰਵਾਰ ਸੜਕ ਕਿਨਾਰੇ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਚੰਦਰਸ਼ੇਖਰ ਆਜ਼ਾਦ ਨੇ ਇਸ ਤੋਂ ਪਹਿਲਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਤੀਜੀ ਲੜਕੀ ਨੂੰ ਵਧੀਆ ਇਲਾਜ ਲਈ ਦਿੱਲੀ ਤਬਦੀਲ ਨਾ ਕੀਤਾ ਗਿਆ ਤਾਂ ਉਹ ਉਨਾਓ ਜਾਣਗੇ। -ਆਈਏਐੱਨ