ਨਵੀਂ ਦਿੱਲੀ, 29 ਜੁਲਾਈ
ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਬਾਰੇ ਕੀਤੀ ਗਈ ਟਿੱਪਣੀ ਨਾਲ ਸੰਸਦ ਤੋਂ ਲੈ ਕੇ ਸੜਕ ਤੱਕ ਵਿਵਾਦ ਭਖ ਗਿਆ ਹੈ। ਸੰਸਦ ’ਚ ਭਾਜਪਾ ਅਤੇ ਕਾਂਗਰਸ ਆਹਮੋ-ਸਾਹਮਣੇ ਆ ਗਏ ਹਨ ਤਾਂ ਬਾਹਰ ਵੱਖ ਵੱਖ ਥਾਈਂ ਦੋਵੇਂ ਪਾਰਟੀਆਂ ਦੇ ਵਰਕਰ ਇਕ-ਦੂਜੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਭਾਜਪਾ ਆਗੂ ਹੁਣ ਇਸ ਗੱਲ ’ਤੇ ਅੜ ਗਏ ਹਨ ਕਿ ਅਧੀਰ ਦੀ ਟਿੱਪਣੀ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਮੁਆਫ਼ੀ ਮੰਗੇ। ਉਧਰ ਕਾਂਗਰਸ ਦਾ ਕਹਿਣਾ ਹੈ ਕਿ ਹੁਕਮਰਾਨ ਧਿਰ ਨੇ ਵੀਰਵਾਰ ਨੂੰ ਲੋਕ ਸਭਾ ’ਚ ਸੋਨੀਆ ਗਾਂਧੀ ਨੂੰ ਘੇਰ ਕੇ ਉਨ੍ਹਾਂ ਨਾਲ ਗਲਤ ਢੰਗ ਨਾਲ ਵਿਹਾਰ ਕੀਤਾ ਹੈ। ਲੋਕ ਸਭਾ ਦੀ ਕਾਰਵਾਈ ਹੰਗਾਮੇ ਕਾਰਨ ਪਹਿਲਾਂ 12 ਵਜੇ ਤੱਕ ਅਤੇ ਫਿਰ ਪੂਰੇ ਦਿਨ ਲਈ ਉਠਾ ਦਿੱਤੀ ਗਈ। ਕਾਂਗਰਸ ਮੈਂਬਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਸਦਨ ਦੇ ਐਨ ਵਿਚਕਾਰ ਆ ਗਏ ਜਦੋਂ ਕਿ ਸਰਬਾਨੰਦ ਸੋਨੋਵਾਲ ਸਮੇਤ ਕੇਂਦਰੀ ਮੰਤਰੀ ਅਤੇ ਭਾਜਪਾ ਮੈਂਬਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮੁਆਫ਼ੀ ਦੀ ਮੰਗ ਲਈ ਪ੍ਰਦਰਸ਼ਨ ਕਰਦੇ ਰਹੇ। ਉਧਰ ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਨਿਯਮ 258 ਤਹਿਤ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ,‘‘ਭਾਜਪਾ ਸੰਸਦ ਮੈਂਬਰਾਂ ਅਤੇ ਮੰਤਰੀਆਂ ਦੇ ਹੰਗਾਮੇ ਕਾਰਨ ਵਿਰੋਧੀ ਧਿਰ ਦੇ ਆਗੂ ਖੜਗੇ ਨੂੰ ਰਾਜ ਸਭਾ ’ਚ ਜ਼ਰੂਰੀ ਗੱਲ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ।’’ ਖੜਗੇ ਨੇ ਕਿਹਾ ਕਿ ਇਹ ਲੰਬੇ ਸਮੇਂ ਚਲੀ ਆ ਰਹੀ ਰਵਾਇਤ ਹੈ ਕਿ ਦੂਜੇ ਸਦਨ ਜਾਂ ਉਸ ਦੇ ਮੈਂਬਰਾਂ ਖ਼ਿਲਾਫ਼ ਕੋਈ ਆਲੋਚਨਾਤਮਕ ਟਿੱਪਣੀ ਨਹੀਂ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਦਨ ਦਾ ਮੈਂਬਰ ਨਾ ਹੋਣ ਕਰਕੇ ਕੋਈ ਵੀ ਵਿਅਕਤੀ ਉਸ ਖ਼ਿਲਾਫ਼ ਅਪਮਾਨਜਨਕ ਢੰਗ ਨਾਲ ਉਸ ਦਾ ਜ਼ਿਕਰ ਨਹੀਂ ਕਰ ਸਕਦਾ ਹੈ। ਭਾਜਪਾ ਮੈਂਬਰਾਂ ਨੇ ਸੋਨੀਆ ਗਾਂਧੀ ਤੋਂ ਮੁਆਫ਼ੀ ਦੀ ਮੰਗ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਦਕਿ ਵਿਰੋਧੀ ਧਿਰਾਂ ਮਹਿੰਗਾਈ, ਗੁਜਰਾਤ ’ਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਅਤੇ ਹੋਰ ਕੁਝ ਅਹਿਮ ਮੁੱਦਿਆਂ ’ਤੇ ਚਰਚਾ ਕਰਾਉਣ ਦੀ ਮੰਗ ਕਰਦੀਆਂ ਰਹੀਆਂ। ਰੌਲੇ-ਰੱਪੇ ਨੂੰ ਦੇਖਦਿਆਂ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਜ਼ਿਕਰਯੋਗ ਹੈ ਕਿ ਲਗਾਤਾਰ ਦੂਜੇ ਹਫ਼ਤੇ ਉਪਰਲੇ ਸਦਨ ’ਚ ਹੰਗਾਮੇ ਕਾਰਨ ਕੋਈ ਕੰਮਕਾਰ ਨਹੀਂ ਹੋ ਸਕਿਆ। ਸਦਨ ਦੀ ਕਾਰਵਾਈ ’ਚ ਅੜਿੱਕਾ ਡਾਹੁਣ ਕਾਰਨ ਹੁਣ ਤੱਕ ਰਾਜ ਸਭਾ ਦੇ 23 ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਿਆ ਹੈ। -ਪੀਟੀਆਈ
ਕਾਂਗਰਸ ਆਗੂਆਂ ਨੇ ਸੰਸਦ ’ਚ ਕੀਤਾ ਪ੍ਰਦਰਸ਼ਨ
ਨਵੀਂ ਦਿੱਲੀ: ਕਾਂਗਰਸ ਆਗੂਆਂ ਨੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਖ਼ਿਲਾਫ਼ ਹਮਲੇ ਤੇਜ਼ ਕਰਦਿਆਂ ਮੰਗ ਕੀਤੀ ਹੈ ਕਿ ਸੋਨੀਆ ਗਾਂਧੀ ਖ਼ਿਲਾਫ਼ ਅਪਣਾਏ ਗਏ ਰਵੱਈਏ ਲਈ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦੀ ਕੰਪਲੈਕਸ ’ਚ ਮਹਾਤਮਾ ਗਾਂਧੀ ਦੇ ਬੁੱਤ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਸਮ੍ਰਿਤੀ ਦੇ ਵਿਹਾਰ ਲਈ ਮੁਆਫ਼ੀ ਮੰਗੇ। ਕਾਂਗਰਸ ਸੰਸਦੀ ਪਾਰਟੀ ਦੀ ਮੀਟਿੰਗ ਸੋਨੀਆ ਗਾਂਧੀ ਦੀ ਅਗਵਾਈ ਹੇਠ ਹੋਈ ਜਿਸ ’ਚ ਸਮ੍ਰਿਤੀ ਖ਼ਿਲਾਫ਼ ਮੁਹਿੰਮ ਵਿੱਢਣ ਦੀ ਰਣਨੀਤੀ ਬਣਾਈ ਗਈ। ਪਾਰਟੀ ਨੇ ਪਹਿਲਾਂ ਹੀ ਸਮ੍ਰਿਤੀ ਖ਼ਿਲਾਫ਼ ਕਾਰਵਾਈ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸ਼ਿਕਾਇਤ ਕੀਤੀ ਹੋਈ ਹੈ। ਕਾਂਗਰਸ ਨੇ ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਾਮਨ ਅਤੇ ਪਿਯੂਸ਼ ਗੋਇਲ ਵੱਲੋਂ ਸੋਨੀਆ ਖ਼ਿਲਾਫ਼ ਰਾਜ ਸਭਾ ’ਚ ਕੀਤੀਆਂ ਗਈਆਂ ਟਿੱਪਣੀਆਂ ’ਤੇ ਵੀ ਇਤਰਾਜ਼ ਜਤਾਇਆ। ਪ੍ਰਦਰਸ਼ਨਾਂ ’ਚ ਆਰਐੱਸਪੀ ਅਤੇ ਆਈਯੂਐੱਮਐੱਲ ਦੇ ਮੈਂਬਰ ਵੀ ਸ਼ਾਮਲ ਹੋਏ।
ਅਧੀਰ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਮੁਆਫ਼ੀ ਮੰਗੀ
ਨਵੀਂ ਦਿੱਲੀ: ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਪੱਤਰ ਲਿਖ ਕੇ ਉਨ੍ਹਾਂ ’ਤੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਲਈ ਮੁਆਫ਼ੀ ਮੰਗੀ ਹੈ। ਪੱਤਰ ’ਚ ਅਧੀਰ ਨੇ ਲਿਖਿਆ ਹੈ ਕਿ ਜ਼ੁਬਾਨ ਫਿਸਲਣ ਕਾਰਨ ਉਹ ਉਨ੍ਹਾਂ ਖ਼ਿਲਾਫ਼ ਭੁੱਲ ਨਾਲ ਗਲਤ ਸ਼ਬਦ ਬੋਲ ਬੈਠੇ ਸਨ। ਰਾਸ਼ਟਰਪਤੀ ਨੂੰ ਲਿਖੇ ਪੱਤਰ ’ਚ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੀ ਮੁਆਫ਼ੀ ਨੂੰ ਸਵੀਕਾਰ ਕੀਤਾ ਜਾਵੇ। ਚੌਧਰੀ ਨੇ ਕਿਹਾ,‘‘ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਹ ਜ਼ੁਬਾਨ ਫਿਸਲਣ ਕਾਰਨ ਹੋਇਆ। ਮੈਂ ਮੁਆਫ਼ੀ ਮੰਗਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਨੂੰ ਸਵੀਕਾਰ ਕਰੋ।’’ ਇਸ ਦੌਰਾਨ ਕੇਂਦਰ ਮੰਤਰੀ ਸਮਿ੍ਰਤੀ ਇਰਾਨੀ ਨੇ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। -ਪੀਟੀਆਈ
ਖੜਗੇ ਵੱਲੋਂ ਸੀਤਾਰਾਮਨ ਦੀਆਂ ਟਿੱਪਣੀਆਂ ਰੱਦ ਕਰਾਉਣ ਲਈ ਨਾਇਡੂ ਨੂੰ ਪੱਤਰ
ਨਵੀਂ ਦਿੱਲੀ: ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਉਪਰਲੇ ਸਦਨ ਦੇ ਚੇਅਰਮੈਨ ਐੱਮ ਵੈਂਕਈਆ ਨਾਇਡੂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਕੇਂਦਰੀ ਮੰਤਰੀਆਂ ਨਿਰਮਲਾ ਸੀਤਾਰਾਮਨ ਅਤੇ ਪਿਯੂਸ਼ ਗੋਇਲ ਵੱਲੋਂ ਸੋਨੀਆ ਗਾਂਧੀ ਖ਼ਿਲਾਫ਼ ਕੀਤੀਆਂ ਗਈਆਂ ਟਿੱਪਣੀਆਂ ਨੂੰ ਸਦਨ ਦੀ ਕਾਰਵਾਈ ’ਚੋਂ ਕੱਢਿਆ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮੰਤਰੀਆਂ ਨੂੰ ਸਦਨ ਦੀ ਰਵਾਇਤ ਦੀ ਉਲੰਘਣਾ ਕਰਨ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਰਾਜ ਸਭਾ ਦੇ ਸਾਬਕਾ ਚੇਅਰਮੈਨ ਆਰ ਵੈਂਕਟਰਮਨ ਵੱਲੋਂ 15 ਅਪਰੈਲ, 1987 ’ਚ ਦਿੱਤੇ ਗਏ ਫ਼ੈਸਲੇ ਦਾ ਜ਼ਿਕਰ ਵੀ ਕੀਤਾ ਜਿਸ ’ਚ ਕਿਹਾ ਗਿਆ ਸੀ ਕਿ ਕੋਈ ਵੀ ਵਿਅਕਤੀ ਜੋ ਇਸ ਸਦਨ ਦਾ ਮੈਂਬਰ ਨਹੀਂ ਹੈ, ਉਸ ਖ਼ਿਲਾਫ਼ ਅਪਮਾਨਜਨਕ ਢੰਗ ਜਾਂ ਕਿਸੇ ਹੋਰ ਤਰੀਕੇ ਨਾਲ ਉਸ ਦੇ ਰੁਤਬੇ ਨੂੰ ਠੇਸ ਨਹੀਂ ਪਹੁੰਚਾਈ ਜਾ ਸਕਦੀ ਹੈ। ਉਨ੍ਹਾਂ ਮਰਿਆਦਾ ਕਮੇਟੀਆਂ ਦੀਆਂ ਮੀਟਿੰਗਾਂ ਦੀ ਰਿਪੋਰਟ ’ਤੇ ਆਧਾਰਿਤ ਪ੍ਰਕਿਰਿਆ ਦਾ ਹਵਾਲਾ ਵੀ ਦਿੱਤਾ ਜਿਸ ਨੂੰ ਦਸੰਬਰ 1954 ’ਚ ਅਪਣਾਇਆ ਸੀ। -ਪੀਟੀਆਈ