ਬਲੀਆ, 14 ਮਈ
ਗੰਗਾ ਨਦੀ ਕੰਢੇ ਪਈਆਂ ਦੋ ਹੋਰ ਦੇਹਾਂ ਦਾ ਅੱਜ ਬਲੀਆ ਜ਼ਿਲ੍ਹਾ ਪ੍ਰਸ਼ਾਸਨ ਨੇ ਸਸਕਾਰ ਕਰਵਾ ਦਿੱਤਾ ਹੈ। ਇਨ੍ਹਾਂ ਮ੍ਰਿਤਕਾਂ ਦੇਹਾਂ ਦੀ ਬੇਅਦਬੀ ਕਰਦੇ ਕੁੱਤਿਆਂ ਦੀ ਇਕ ਵੀਡੀਓ ਵਾਇਰਲ ਹੋ ਗਈ ਸੀ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਲਾਸ਼ਾਂ ਬਾਰੇ ਸੂਚਨਾ ਵੀਰਵਾਰ ਮਿਲੀ ਸੀ। ਇਸ ਤੋਂ ਬਾਅਦ ਐੱਸਡੀਐਮ ਦੀ ਅਗਵਾਈ ਹੇਠ ਇਕ ਟੀਮ ਸਾਗਰਪੱਲੀ ਪਿੰਡ ਪਹੁੰਚੀ ਤੇ ਦੇਹਾਂ ਦਾ ਸਸਕਾਰ ਕਰਵਾਇਆ ਗਿਆ।
ਪੁਲੀਸ ਮੁਤਾਬਕ ਅਜਿਹਾ ਜਾਪਦਾ ਸੀ ਕਿ ਰਿਸ਼ਤੇਦਾਰਾਂ ਨੇ ਧਾਰਮਿਕ ਰਸਮਾਂ ਕਰ ਕੇ ਦੇਹਾਂ ਨੂੰ ਨਦੀ ਵਿਚ ਛੱਡ ਦਿੱਤਾ। ਬਲੀਆ ਨਿਵਾਸੀਆਂ ਮੁਤਾਬਕ ਕਰੀਬ 52 ਲਾਸ਼ਾਂ ਉਜਿਆਰ, ਕੁਲਹਦੀਆ ਤੇ ਬਹਾਰੌਲੀ ਘਾਟਾਂ ਉਤੇ ਤੈਰਦੀਆਂ ਦੇਖੀਆਂ ਗਈਆਂ ਸਨ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲਾਸ਼ਾਂ ਦੀ ਸਹੀ ਗਿਣਤੀ ਬਾਰੇ ਕੁਝ ਸਪੱਸ਼ਟ ਨਹੀਂ ਕੀਤਾ। -ਪੀਟੀਆਈ